Wednesday, September 19, 2012

ਕਵਿਤਾਵਾਂ . . . ਕਿਰਤਪਾਲ ਸਿੰਘ

* ਅਲਵਿਦਾ ਐ ਮੁਹੱਬਤ ਅਲਵਿਦਾ *

ਅਲਵਿਦਾ ਐ ਮੁਹੱਬਤ ਅਲਵਿਦਾ
ਮੈਂ ਮਹਿਕਣਾ ਗ਼ਮਾਂ ਦੀ ਰੁੱਤੜੇ
ਤੂੰ ਮਹਿਕੀਂ ਵਿੱਚ ਬਹਾਰ ਸਦਾ
ਅਲਵਿਦਾ ਐ ਮੁਹੱਬਤ ਅਲਵਿਦਾ

ਤੂੰ ਮੇਰੇ ਵਿੱਚੋਂ ਮੈਂ ਤੇਰੇ ਵਿੱਚੋਂ
ਭਲਕੇ ਹੋ ਜਾਣਾ ਅਸਾਂ ਵਿਦਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਉਦਾਸ ਸ਼ਜ਼ਰ ਸਾਂ ਤੂੰ ਮਹਿਕਾਇਆ,
ਸਦੀਆਂ ਤੋਂ ਸਾਂ ਮੈਂ ਤਿਰਹਾਇਆ,
ਮਲ-ਮਲ ਧੁੱਪਾਂ ਮੈਨੂੰ ਨਵਾਇਆ,
ਪਰ ਟਲਿਆ ਨਾਂ ਗ਼ਮ ਦਾ ਸਾਇਆ,
ਮੇਰੇ ਵਰਗੀ ਨਾਂ ਹੋ ਜਾਵੀਂ ਤੂੰ
ਤੈਨੂੰ ਤਨ.ਮਨ ਤੋਂ ਕਰਾਂ ਜੁਦਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਤੂੰ ਹਰਿਆਲੇ ਬਾਬਲ ਦੀ ਜਾਈ ਨੀ,
ਕਿਉਂ ਕੁਸੁੰਭੜੇ ਤੇ ਬੈਠਣ ਆਈ ਨੀ ,
ਤੇਰੀ ਝੋਲੀ ਗ਼ਮਾਂ ਦੀ ਮੁੱਠ ਪਾਈ ਨੀ,
ਪੀੜ ਚੂਲੀਆਂ ਭਰ-ਭਰ ਪਿਆਈ ਨੀ,
ਤੇਰੇ ਪਰ ਮਸਲੇ ਮੇਰਿਆਂ ਦੁੱਖਾਂ
ਤੂੰ ਉੱਡਣੋ ਰਹਿ ਗਈ ਵਿੱਚ ਫ਼ਿਜ਼ਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਮੇਰੇ ਨੈਣਾਂ ਵਿੱਚ ਰੈਣਾਂ ਮਰਦੀਆਂ,
ਜਵਾਨ ਸ਼ਾਮਾਂ ਮੇਰੀ ਹਮਕੋਂ ਡਰਦੀਆਂ,
ਹਵਸੀ ਚੁੱਪ ਦੀ ਸੂਲੀ ਚੜਦੀਆਂ,
ਨੰਗੀਆਂ ਧੁੱਪਾਂ ਮੇਰੇ ਪਿੰਡੇ ਲੜਦੀਆਂ,
ਇਹਨਾਂ ਪੀੜਾਂ ਨੇ ਵਿਆਉਣਾ ਮੈਨੂੰ
ਇਹ ਪੀੜਾਂ ਮੇਰੇ ਉੱਤੇ ਹੋਈਆਂ ਫਿਦਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਮੈਂ ਅਜ਼ਲਾਂ ਤੋਂ ਇੱਕ ਜੂਨ ਹੰਢਾਂਵਾਂ ,
ਮੈਂ ਹਰ ਜੂਨੇ ਇੱਕ ਪੀੜ ਵਿਆਹਵਾਂ ,
ਮੇਰੇ ਹਿੱਸੇ ਨਾਹੀ ਸੰਘਣੀਆਂ ਛਾਂਵਾਂ,
ਮੈਂ ਫੁੱਲ ਭਰ ਉਮਰ ਹੰਢਾਂ ਕੇ ਜਾਵਾਂ,
ਮੈਂ ਮੇਚ ਤੇਰੇ ਦਾ ਹੋ ਨਾ ਸਕਿਆ
ਜਿਹੜੀ ਮਰਜੀ ਮੈਨੂੰ ਦੇਵੀਂ ਸਜ਼ਾ
ਅਲਵਿਦਾ ਐ ਮੁਹੱਬਤ ਅਲਵਿਦਾ ||

ਮੈਂ ਮਹਿਕਣਾ ਗ਼ਮਾਂ ਦੀ ਰੁੱਤੜੇ
ਤੂੰ ਮਹਿਕੀਂ ਵਿੱਚ ਬਹਾਰ ਸਦਾ
ਅਲਵਿਦਾ ਐ ਮੁਹੱਬਤ ਅਲਵਿਦਾ
ਅਲਵਿਦਾ ਐ ਮੁਹੱਬਤ ਅਲਵਿਦਾ ||

*********************

* ਹਿਜ਼ਰਾਂ ਦੇ ਫੋੜੇ *

ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ
ਹਿਜ਼ਰਾਂ ਦੇ ਫੋੜੇ ਦੁੱਖਦੇ ਨੀ
ਮੈਂ ਲਾ-ਲਾ ਸਿਆਹੀ ਅੱਕੀ ਆਂ
ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਵਿਯੋਗ ਮਿਹਰਮ ਦਾ ਕੁਤਰ ਗਿਆ,
ਜੋ ਪੀ ਕੇ ਜ਼ੋਬਨ ਮੁੱਕਰ ਗਿਆ ,
ਬਣ ਪੀੜ ਮੱਥੇ ਉੱਕਰ ਗਿਆ ,
ਸੂਲ ਉਹਦੇ ਵਿੱਚ ਝੁਲਸ ਗਈ
ਹੁਣ ਵਗਣ ਹਵਾਵਾਂ ਤੱਤੀਆਂ
ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਉਹਦੇ ਬਿਨ ਮੈਂ ਗਲਦੀ ਜਾਵਾਂ,
ਮੈਂ ਸ਼ਾਮਾਂ ਵਾਗੂੰ ਢਲਦੀ ਜਾਵਾਂ ,
ਉਦਾਸੀ ਮਣ-ਮਣ ਮਲਦੀ ਜਾਵਾਂ,
ਭਰ-ਭਰ ਮੁੱਠਾਂ ਪੀੜਾਂ ਖਾਂਦੀ
ਪੀਸਾਂ ਗ਼ਮ ਦੀਆਂ ਚੱਕੀਆਂ
ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਮੈਂ ਨੁੱਚੜ ਜਾਵਾਂ ਚੇਤੇ ਢੋਦੀਂ,
ਮੈਂ ਮੁੜਕੋ-ਮੁੜਕੀ ਹੋਵਾਂ ਰੋਂਦੀ,
ਮੈਂ ਆਥਣ ਤਾਂਈ ਮੁੱਖੜਾ ਧੋਦੀਂ,
ਸਹੇੜ ਕੇ ਵੇਦਨ ਇਸ਼ਕ ਦਾ
ਬੁਝਾ ਲੈਂਦੀ ਨੈਣ ਬੱਤੀਆਂ
ਮੇਰੇ ਦਿਲ ਤੇ ਬੰਨੋਂ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਮੇਰਾ ਅੰਦਰ ਰਗੜੋ ਲੈ ਕੇ ਝਾਵਾਂ,
ਚੂਰ ਕੇ ਮੂਹਰੇ ਪਾ ਦਿਉ ਕਾਂਵਾਂ,
ਮਰੀ ਮੁਹੱਬਤ ਮੈਂ ਦਫ਼ਨਾਂਵਾਂ,
ਖੁਰਚ ਲਿਉ ਹੱਡਾਂ ਤੋਂ ਮਿਹਰਮ
ਮੈਂ ਸਾਰੀ ਉਹਦੇ ਵਿੱਚ ਗੱਚੀ ਆਂ
ਮੇਰੇ ਦਿਲ ਤੇ ਬੰਨੋਂ ਨੀ
ਪੱਥਰ ਚੱਟ ਦੀਆਂ ਪੱਤੀਆਂ ||

ਮੇਰੇ ਦਿਲ ਤੇ ਬੰਨੋ ਨੀ
ਪੱਥਰ ਚੱਟ ਦੀਆਂ ਪੱਤੀਆਂ
ਹਿਜ਼ਰਾਂ ਦੇ ਫੋੜੇ ਦੁੱਖਦੇ ਨੀ
ਮੈਂ ਲਾ-ਲਾ ਸਿਆਹੀ ਅੱਕੀ ਆਂ ||

*******************

* ਜ਼ਹਿਰੀਲਾ ਇਸ਼ਕ *

ਵਸਲਾਂ ਦੀ ਚਾਨਣੀ ਹੇਠ

ਜਦੋਂ ਪਹਿਲੀ ਵਾਰ

ਆਪਾਂ ਆਪਣੀ-ਆਪਣੀ

ਕੁੰਜ ਲਾਹੀ ਸੀ,

ਸੂਰਜ ਵਾਂਗ ਮਘ

ਉੱਠਿਆ ਸੀ

ਤੇਰਾ ਸਾਂਵਲਾ ਜਿਸਮ

ਇੱਕ ਦੂਜੇ ਤੇ ਮੇਹਲਣ

ਲੱਗੇ ਸੀ,

ਚਿੱਟੇ ਬੱਦਲਾਂ ਦੀ ਚਾਦਰ

ਓੜ ਕੇ,

ਆਪਾਂ ਚੂਸ ਰਹੇ ਸੀ

ਇੱਕ ਦੂਜੇ ਦੇ ਜ਼ਹਿਰੀ

ਇਸ਼ਕ ਨੂੰ,

ਸਾਹਾਂ ਨੂੰ ਕੁੱਜੇ ਵਿੱਚ ਬੰਦ ਕਰਕੇ

ਮੇਰੀ ਛੋਹ ਨਾਲ

ਤੇਰੇ ਲੂੰ-ਕੰਡੇ ਇਉਂ ਖੜੇ

ਹੋਏ ਸੀ....

ਜਿਵੇਂ ਕੱਕੇ ਰੇਤ ਵਿੱਚ

ਭੱਖੜਾ ਪਿਆ ਹੋਵੇ,

ਮੇਰੇ ਜਿਸਮ ਵਿੱਚ ਧਸ ਗਏ ਸੀ

ਲੂੰ-ਕੰਡੇ ਭੱਖੜਾ ਬਣ ਕੇ..

ਤੇਰੇ ਇਸ਼ਕ ਦਾ ਜ਼ਹਿਰ

ਹੋਰ ਜ਼ਹਿਰੀਲਾ ਹੋ ਗਿਆ ਸੀ

ਤੇ ਹਾਂ ਸੱਚ...

ਤੇਰੇ ਫਨੀਅਰ ਚੁੰਮਣਾਂ ਨੇ

ਮੇਰੇ ਹੋਠਾਂ ਨੂੰ ਨੀਲਾ

ਕਰ ਦਿੱਤਾ ਸੀ,

ਕਰ ਦਿੱਤਾ ਸੀ ਫੋਕਾ

ਬੇ-ਰਸ ਮੇਰੇ ਹੋਠਾਂ ਨੂੰ,

ਵਿੱਚੇ ਛੱਡ ਦਿੱਤੇ ਸੀ

ਤੈਂ ਆਪਣੇ ਜ਼ਹਿਰੀਲੇ ਦੰਦ

ਮੈਨੂੰ ਸਭ ਯਾਦ ਹੈ

ਹਰ ਹੱਦ,ਹਰ ਕਹਿਰ

ਵਸਲ ਦਾ ਦਿਨ...

ਅੱਜ ਵੀ ਜਦੋਂ ਮੇਰੀ ਜੀਭ ਦਾ

ਸਪਰਸ਼ ਹੋਠਾਂ ਨਾਲ ਹੁੰਦਾ ਤਾਂ

ਚੜ ਜਾਂਦਾ ਹੈ

ਜ਼ਹਿਰ ਮੇਰੀ ਜੀਭ ਨੂੰ

ਜੀਭ ਹੋ ਜਾਂਦੀ ਹੈ ਸੁੰਨ

ਸਾਰਾ ਸਰੀਰ ਮਦਹੋਸ਼ ਹੋ ਜਾਂਦਾ ਹੈ

ਤੇਰੇ ਜ਼ਹਿਰੀਲੇ ਇਸ਼ਕ ਦਾ ਐਸਾ

ਅਸਰ ਹੁੰਦਾ ਹੈ ਮੇਰੇ

No comments:

Post a Comment