Wednesday, September 19, 2012

ਕਾਸ਼, ਜ਼ਿੰਦਗੀ ਕਾਲਜ ਹੁੰਦੀ! -ਪ੍ਰੋ. ਹਮਦਰਦਵੀਰ ਨੌਸ਼ਹਿਰਵੀ


ਲਾਗੋਂ ਦੀ ਲੰਘਦਿਆਂ ਮੈਂ ਝੁਕ ਕੇ ਫੁੱਲ ਦਾ ਹਾਲ ਪੁੱਛਿਆ। ਫੁੱਲ ਨਹੀਂ ਬੋਲਿਆ। ਫੁੱਲ ਦੀਆਂ ਪੱਤੀਆਂ ਉਤੇ ਪਈ ਤ੍ਰੇਲ ਰੋ ਪਈ, ਹੰਝੂ
ਬਣ ਕੇ ਕਿਰੀ ਤੇ ਧਰਤੀ ਵਿਚ ਸਮਾ ਗਈ। ਫੁੱਲ ਨੂੰ ਅਹਿਸਾਸ ਹੋ ਗਿਆ ਸੀ ਕਿ ਅੱਜ ਤੋਂ ਬਾਅਦ ਮੈਂ ਉਸਦੇ ਨੇੜਿਓ ਨਹੀਂ
ਗੁਜ਼ਰਨਾ। ਉਸਦੀਆਂ ਪੱਤੀਆਂ ਨੂੰ ਪਿਆਰ-ਛੋਹ ਕਿਸੇ ਨੇ ਨਹੀਂ ਸੀ ਦੇਣੀ।
ਹਮੇਸ਼ਾਂ ਵਾਂਗ ਮੈਂ ਪਹਿਲਾ ਪੀਰੀਅਡ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ, ਸਟਾਫ ਰੂਮ ਵਿਚ ਪਹੁੰਚਿਆ। ਵੱਡੀ ਅਲਮਾਰੀ ਦਾ ਆਪਣਾ
ਖਾਨਾ ਖੋਲਿਆ। ਹਾਜ਼ਰੀ ਰਜਿਸਟਰ ਕੱਢਿਆ। ਪਿਛਲੀ ਰਾਤ ਨੂੰ ਤਿਆਰ ਕੀਤੇ ਕਲਾਸ ਨੋਟਸ ਰਜਿਸਟਰ ਵਿਚ ਰੱਖੇ। ਸੇਵਾਦਾਰ
ਪਾਣੀ ਦਾ ਗਲਾਸ ਟੇਬਲ ਉਤੇ ਰੱਖ ਗਿਆ। ਮੈਂ ਸੇਵਾਦਾਰ ਨੂੰ ਕਿਹਾ, ਵੇਸੈ ਤਾਂ ਮੈਂ ਕੈਨਟੀਨ ਦਾ ਬਿੱਲ ਕੱਲ੍ਹ ਦੇ ਦਿੱਤਾ ਸੀ, ਪਰ ਫੇਰ
ਵੀ ਪੁੱਛ ਕੇ, ਮੇਰੇ ਅਗਲੇ ਖਾਲੀ ਪੀਰੀਅਡ ਵਿਚ ਮੈਨੂੰ ਦੱਸੀਂ ਕਿ ਕਿਤੇ ਪਿਛਲੇ ਏਨੇ ਸਾਲਾਂ ਵਿਚ ਕਿਧਰੇ ਕੋਈ ਪੁਰਾਣਾ ਬਕਾਇਆ
ਮੇਰੇ ਵੱਲ ਹੋਵੇ ਤਾਂ ਲੈ ਲਵੇ।
ਵੈਸੇ ਤਾਂ ਮੈਂ ਅਲਮਾਰੀ ਵਾਲੇ ਖਾਨੇ ਵਿਚਲੇ ਕਾਗਜ਼ ਪੱਤਰ ਕੱਲ੍ਹ ਹੀ ਤਰਤੀਬ ਨਾਲ ਰੱਖ ਦਿੱਤੇ ਸਨ। ਅੱਜ ਫਾਈਲਾਂ ਸਬੰਧਿਤ ਪ੍ਰੋਫੈਸਰਾਂ
ਨੂੰ ਦੇ ਦਿਆਂਗਾ। ਐੱਨ ਐੱਸ ਐੱਸ ਫਾਈਲ ਹੈ। ਅੱਜ ਹੀ ਇਹ ਫਾਈਲ ਪ੍ਰੋਫੈਸਰ ਸੋਢੀ ਦੇ ਹਵਾਲੇ ਕਰ ਦਿਆਂਗਾ ਅਤੇ ਕਹਾਂਗਾ ਕਿ
ਪਿੰਡ ਸ਼ਮਸ਼ਪੁਰ ਵਿਚ ਜਿਹੜੀ ਲਾਇਬ੍ਰੇਰੀ ਸਥਾਪਤ ਕੀਤੀ ਗਈ ਸੀ, ਨਿਗ੍ਹਾ ਰੱਖਣ। ਲਾਇਬ੍ਰੇਰੀ ਚੱਲਦੀ ਰਹੇ। ਵਿਦਿਆਰਥੀ
ਸੱਭਿਆਚਾਰਕ ਫਾਈਲ ਪ੍ਰੋਫੈਸਰ ਪਰਮਿੰਦਰ ਸਿੰਘ ਨੂੰ ਦਵਾਂਗਾ ਅਤੇ ਕਹਾਂਗਾ ਕਿ ਨਵੇਂ-ਨਵੇਂ ਵਿਦਿਆਰਥੀਆਂ ਨੂੰ ਮੰਚ ਉਤੇ
ਲਿਆਉਣਾ ਜਾਰੀ ਰੱਖਣ ਤਾਂ ਕਿ ਵਿਦਿਆਰਥੀਆਂ ਵਿਚ ਵਿਸ਼ਵਾਸ਼ ਪੈਦਾ ਹੋਵੇ ਅਤੇ ਉਹ ਜ਼ਿੰਦਗੀ ਦੇ ਸੰਘਰਸ਼ ਵਿਚ ਪਿਛੇ ਨਾ
ਰਹਿਣ। ਲਾਇਬ੍ਰੇਰੀ ਵਿਚੋਂ ਪੜ੍ਹਨ ਨੂੰ ਲਈਆਂ ਕਿਤਾਬਾਂ ਕੱਲ੍ਹ ਵਾਪਸ ਕਰ ਦਿੱਤੀਆਂ ਸਨ। ਅੱਜ ਜਾਂਦਾ ਹੋਇਆ, ਉਹਨਾਂ ਕਿਤਾਬਾਂ ਦੀ
ਕੀਮਤ ਅਦਾ ਕਰ ਦਿਆਂਗਾ, ਲਾਇਬ੍ਰੇਰੀ ਦੀਆਂ ਜਿਹੜੀਆਂ ਕਿਤਾਬਾਂ ਵਿਦਿਆਰਥੀਆਂ ਨੇ ਮੇਰੇ ਨਾਮ ਉਤੇ ਲਈਆਂ ਸਨ, ਪਰ ਵਾਪਸ
ਮੋੜਨਾ ਭੁੱਲ ਗਏ ਸਨ।
ਪੌੜੀਆਂ ਉਤਰ ਕੇ ਮੈਂ ਸਟਾਫ ਰੂਮ ਵਿਚੋਂ ਨਿਕਲ ਕੇ, ਹੇਠਾਂ ਆਇਆ। ਪੀਰੀਅਡ ਵੱਜਣ ਵਿਚ ਹਾਲੇ ੭ ਮਿੰਟ ਬਾਕੀ ਸਨ। ਮੈਂ
ਪ੍ਰਿੰਸੀਪਲ ਸਾਹਿਬ ਦੇ ਦਫਤਰ ਦੀ ਲਾਗੋਂ ਦੀ ਲੰਗ ਰਿਹਾ ਸਾਂ, ਸਟੂਲ ਉਤੇ ਬੈਠਾ ਸੇਵਾਦਾਰ ਰਾਮ ਸਰਨ ਉੱਠ ਕੇ ਖੜ੍ਹਾ ਹੋ ਗਿਆ। ਮੈਂ
ਰਾਮ ਸਰਨ ਨੂੰ ਕਿਹਾ, ਅੱਜ ਤੋਂ ਬਾਅਦ ਇਸ ਉਡੀਕ ਵਿਚ ਨਾ ਰਹੀ ਕਿ ਮੈਂ ਕਲਾਸ ਰੂਮ ਵੱਲ ਜਾ ਰਿਹਾ ਹੋਵਾਂਗਾ। ਇਸਦਾ ਮਤਲਬ
ਅਗਲੇ ਪੀਰੀਅਡ ਲਈ ਘੰਟੀ ਮਾਰਨ ਦਾ ਸਮਾਂ ਹੋਣ ਵਾਲਾ ਹੈ। ਜੇ ਤੂੰ ਹੁਣ ਘੰਟੀ ਲੇਟ ਮਾਰੇਂਗਾ ਤਾਂ ਪ੍ਰੋਫੈਸਰ ਤੇਰੇ ਨਾਲ ਨਾਰਾਜ਼ ਹੋਣਗੇ
ਕਿ ਉਨ੍ਹਾਂ ਨੂੰ ਕਲਾਸ ਵਿਚ ੫ ਮਿੰਟ ਹੋਰ ਰੁਕਣਾ ਪਿਆ। ਮੈਂ ਅਮਲਤਾਸ, ਕੇਸੂ ਤੇ ਗੁਲਮੋਹਰ ਦੇ ਫੁੱਲਾਂ ਵਾਲੇ ਬਿਰਖਾਂ ਹੇਠੋਂ ਦੀ
ਲੰਘਦਿਆਂ, ਮੈਂ ਬਿਰਖਾਂ ਨੂੰ ਕਿਹਾ, ਹੁਣ ਜਦੋਂ ਤੁਹਾਡੇ ਉਤੇ ਫੁੱਲਾਂ ਦੀ ਜੋਬਨ ਬਹਾਰ ਆਵੇਗੀ ਤਾਂ ਮੈਂ ਨਹੀਂ ਹੋਵਾਂਗਾ। ੧੦-੧੦ ਮਿੰਟ
ਤੁਹਾਡੇ ਨੇੜੇ ਖਲੋ ਕੇ ਤੁਹਾਡੇ ਖਿੜੇ ਫੁੱਲਾਂ ਨੂੰ ਅੱਖਾਂ ਵਿਚ ਹੁਣ ਨਹੀਂ ਬੈਠਾ ਸਕਾਂਗਾ। ਤੁਹਾਡੀ ਖੁਸ਼ਬੂ ਦਿਲ ਵਿਚ ਵਸਾ ਨਹੀਂ ਸਕਾਂਗਾ।
ਤੁਸੀਂ ਹੱਸਣਾ ਤੇ ਖਿੜਨਾ ਬੰਦ ਨਹੀਂ ਕਰਨਾ। ਤੁਹਾਨੂੰ ਪਿਆਰ ਕਰਨ ਲਈ ਮੈਂ ਨਹੀਂ ਹੋਵਾਂਗਾ ਤਾਂ ਕੋਈ ਹੋਰ ਕੋਮਲ ਚਿੱਤ ਸਖਸ਼
ਹੋਵੇਗਾ। ਮਹਿਕਣਾ, ਖਿੜਨਾ ਤੇ ਹੱਸਣਾ ਬੰਦ ਥੋੜਾ ਕਰ ਦੇਈਦਾ।
ਬਿਰਖੇ ਹੇਠਿ ਸਭਿ ਜੰਤੁ ਇਕੱਠੇ, ਇਕਿ ਤਤੇ ਇਕਿ ਬੋਲਨਿ ਮਿਠੇ,
ਅਸਤ ਉਦੋਤ ਭਇਆ ਉਠਿ ਚਲੇ, ਜਿਉਂ ਜਿਉਂ ਅਉਧ ਵਿਹਾਣੀਆਂ।
-ਸ਼੍ਰੀ ਗੁਰੂ ਅਰਜਨ ਦੇਵ ਜੀ
ਮੈਨੂੰ ਕੁਝ ਦੂਰੀ ਉਤੇ ਆਉਂਦਾ ਵੇਖ ਕੇ, ਜੇ ਕਮਰਾ ਖਾਲੀ ਹੋਵੇ ਤਾਂ, ਮੁੰਡੇ ਕਮਰੇ ਅੰਦਰ ਬੈਠ ਜਾਂਦੇ ਸਨ। ਮੇਰੀ ਹਦਾਇਤ ਅਨੁਸਾਰ
ਕੁੜੀਆਂ ਉਸ ਕਲਾਸਰੂਮ ਵਿਚ ਮੇਰੇ ਪ੍ਰਵੇਸ਼ ਕਰਨ ਦੇ ਨਾਲ ਹੀ, ਪ੍ਰਵੇਸ ਕਰਦੀਆਂ ਸਨ।
ਇਹ ਬੀ ਏ ਭਾਗ ਪਹਿਲਾ ਦੀ ਕਲਾਸ ਸੀ। ਮੈਂ ਰਜਿਸਟਰ ਉਤੇ ਹਾਜ਼ਰੀ ਲਗਾਈ। ਹਰ ਰੋਜ਼ ਦੀ ਤਰ੍ਹਾਂ ਹਾਜ਼ਰੀ ਦੌਰਾਨ ਹੀ ਮੈਂ ਕਿਸੇ
ਵਿਦਿਆਰਥੀ ਨੂੰ ਉਸ ਦਾ ਰੋਲ ਨੰਬਰ ਬੋਲ ਕੇ, ਉਸ ਪਾਸੋਂ ਕੋਈ ਸਵਾਲ ਨਹੀਂ ਪੁੱਛਿਆ।
ਤੁਸੀਂ ਮੇਰੇ ਪਾਸ ਇਸ ਕਲਾਸ ਵਿਚ ਸਿਰਫ ਚਾਰ ਮਹੀਨੇ ਹੀ ਲਾਏ ਹਨ। ਇਹਨਾਂ ਚਾਰ ਮਹੀਨਿਆਂ ਵਿਚ ਜੋ ਕੁਝ ਤੁਸੀਂ ਮੇਰੇ ਪਾਸੋਂ
ਸੁਣਿਆ, ਸਿੱਖਿਆ, ਲਿਖਿਆ, ਉਸ ਬਾਰੇ ਤੁਹਾਡੇ ਦਿਲ ਵਿਚ ਕਈ ਸ਼ੰਕੇ ਹਾਲੇ ਵੀ ਹੋਣਗੇ। ਤੁਸੀਂ ਪੁੱਛੋਗੇ ਤਾਂ ਅੱਜ ਮੈਂ ਤੁਹਾਡੇ ਪੁਰਾਣੇ
ਸ਼ੰਕੇ, ਆਪਣੀ ਵਿੱਤ ਅਨੁਸਾਰ, ਦੂਰ ਕਰਨ ਦਾ ਯਤਨ ਕਰਾਂਗਾ।
ਪਰ ਸ਼ੰਕੇ ਤਾਂ ਫੇਰ ਵੀ ਬਣੇ ਰਹਿਣਗੇ। ਮੈਂ ਇਸ ਕਲਾਸ ਵਿਚ ਤੀਹ ਸਾਲ ਤੋਂ ਵੱਧ ਪੜ੍ਹਾਇਆ ਹੈ। ਜਿਸ ਕਮਰੇ ਵਿਚ ਤੁਸੀਂ ਬੈਠੇ ਹੋ,
ਇਸ ਕਮਰੇ ਦੀਆਂ ਉਦੋਂ ਨੀਂਹਾਂ ਪੱਟੀਆਂ ਜਾ ਰਹੀਆਂ ਸਨ। ਮੈਂ ਪੜ੍ਹਾਉਂਦਾ ਰਿਹਾ। ਕਾਲਜ ਹੌਲੀ-ਹੌਲੀ ਉਸਰ ਗਿਆ। ਤੁਸੀਂ ਦੋ
ਸਾਲ ਹੋਰ ਇਸ ਕਲਾਸ ਵਿਚ ਪੜ੍ਹਨਾ ਹੈ, ਮੇਰੀ ਇੱਛਾ ਹੈ ਕਿ ਤੁਸੀਂ ਇਸ ਕਾਲਜ ਦੀ ਉਡਾਨ ਵਿਚ ਆਪਣੀ ਪ੍ਰਵਾਜ਼ ਸ਼ਾਮਲ ਕਰੋ।
ਜਦੋਂ ਤੁਸੀਂ ਇਹ ਕਾਲਜ ਛੱਡ ਬੜੇ ਮਾਣ ਨਾਲ ਬਾਹਰ ਜਾਵੋ। ਛੱਡ ਗਏ ਬੈਂਚਾਂ ਨੂੰ ਅਤੇ ਬੈਂਚਾਂ ਉਤੇ ਬੈਠਣ ਵਾਲੇ ਆਪਣੇ ਜਮਾਤੀਆਂ ਨੂੰ
ਯਾਦ ਰੱਖੋ। ਮੈਨੂੰ ਅਫਸੋਸ ਹੈ ਕਿ ਮੈਂ ਬਹੁਤਾ ਸਮਾਂ ਤੁਹਾਡੇ ਨਾਲ ਨਹੀਂ ਨਿੱਭ ਸਕਿਆ। ਬੱਸ ਮੇਰੇ ਪਾਸ ਇਨ੍ਹਾਂ ਹੀ ਸਮਾਂ ਸੀ, ਖਿਮਾ
ਕਰਨਾ।
ਘੰਟੀ ਵੱਜੀ ਮੈਂ ਆਪਣੀ ਅਗਲੀ ਜਮਾਤ ਲੈਣ ਲਈ, ਉਸੇ ਕਮਰੇ ਵਿਚ ਲੈਕਚਰ ਸਟੈਂਡ ਦੇ ਸਾਹਮਣੇ ਖੜ੍ਹਾ ਰਿਹਾ। ਮੇਰੀ ਅਗਲੀ
ਕਲਾਸ ਬੀ ਏ ਭਾਗ ਤੀਜਾ ਦੀ ਸੀ। ਜੋ ਇਸੇ ਕਰਮੇ ਵਿਚ ਲਗਣੀ ਸੀ। ਵਿਦਿਆਰਥੀ ਆਪਣੀਆਂ ਸੀਟਾਂ ਉਤੇ ਆ ਕੇ ਬੈਠਦੇ ਗਏ।
ਕੁੜੀਆਂ ਮੂਹਰਲੇ ਬੈਂਚਾਂ ਉਤੇ ਤੇ ਮੁੰਡੇ ਪਿਛਲੇ ਬੈਂਚਾਂ ਉਤੇ। ਬੋਰਡ ਉਤੇ ਪਹਿਲਾਂ ਹੀ ਲਿਖਿਆ ਸੀ, ਮੇਰਾ ਅੰਤਿਮ ਲੈਕਚਰ। ਰਜਿਸਟਰ
ਤੇ ਹਾਜ਼ਰੀ ਮਾਰਕ ਕਰਕੇ, ਮੈਂ ਲੈਕਚਰ ਸ਼ੁਰੂ ਕੀਤਾ। ਬਲੈਕ ਬੋਰਡ ਵੱਲ ਇਸ਼ਾਰਾ ਕਰਕੇ ਕਿਹਾ, ਇਹ ਮੇਰਾ ਅੰਤਿਮ ਲੈਕਚਰ ਨਹੀਂ
ਹੈ। ਮੈਂ ਤਾਂ ਹਾਲੀ ਬਹੁਤ ਕੁਝ ਲਿਖਣਾ ਹੈ, ਬਹੁਤ ਕੁਝ ਬੋਲਣਾ ਹੈ, ਪਰ ਮੰਚ ਵੱਖਰੇ ਹੋਣਗੇ, ਸਰੋਤੇ ਵੱਖਰੇ ਹੋਣਗੇ। ਮੈਂ ਤੁਹਾਨੂੰ ਤਿੰਨ
ਸਾਲ ਪੜ੍ਹਾਇਆ, ਤੁਹਾਡੇ ਤੋਂ ਪਹਿਲਾਂ ਵੀ ਇਨ੍ਹਾਂ ਬੈਂਚਾਂ ਉਤੇ ਸੈਂਕੜੇ ਵਿਦਿਆਰਥੀ ਬੈਠਦੇ ਰਹੇ। ਇਮਤਿਹਾਨ ਪਾਸ ਕਰਕੇ ਜਾਂਦੇ ਰਹੇ।
ਜ਼ਿੰਦਗੀ ਵਿਚ ਪ੍ਰਵੇਸ਼ ਕਰਦੇ ਰਹੇ। ਮੈਂ ਪੜ੍ਹਾਉਂਦਾ ਰਿਹਾ, ਨਾਲ-ਨਾਲ ਤਲਖ ਹਕੀਕਤਾਂ ਬਾਰੇ ਸੁਚੇਤ ਕਰਦਾ ਰਿਹਾ। ਆਉਣ ਵਾਲੇ
ਖਤਰਿਆਂ ਬਾਰੇ ਦੱਸਦਾ ਰਿਹਾ। ਰੋਜ਼ਗਾਰ ਦੀ ਤਿੱਖੀ ਸੂਈ ਦੇ ਬਹੁਤ ਛੋਟੇ ਜਿਹੇ ਨੱਕੇ ਵਿਚੋਂ ਦੀ ਨਿਕਲਣ ਲਈ, ਬਾਰੀਕ ਬੁੱਧੀ
ਚਾਹੀਦੀ ਹੈ, ਗਿਆਨ ਚਾਹੀਦਾ ਹੈ, ਤਰਕ ਚਾਹੀਦਾ ਹੈ। ਮੈਂ ਇਥੋਂ ਕੁਝ ਲੈ ਕੇ ਨਹੀਂ ਜਾ ਰਿਹਾ, ਸਿਵਾਏ ਵਿਦਿਆਰਥੀਆਂ ਦੇ ਪਿਆਰ
ਦੇ। ਮੇਰਾ ਇੱਕੋ ਇਕ ਹਾਸਲ ਹੈ, ਆਪਣੇ ਬੱਚੇ ਬੱਚੀਆਂ ਨੂੰ ਆਪਣੇ ਸਮਝਿਆ। ਸਮਰਪਿਤ ਤੇ ਪਿਆਰ ਦੀ ਭਾਵਨਾਵਾਂ ਨਾਲ
ਪੜ੍ਹਾਇਆ, ਸਮਝਾਇਆ। ਮੈਂ ਕਦੀ ਦਾਅਵਾ ਨਹੀਂ ਕੀਤਾ ਕਿ ਮੈਨੂੰ ਸਭ ਕੁਝ ਆਉਂਦਾ ਹੈ, ਸਰਵਪੱਖੀ ਗਿਆਨ ਹੈ। ਮੇਰੇ ਪਾਸੋਂ
ਬਹੁਤ ਕੁਝ ਦੱਸਣਾ ਰਹਿ ਗਿਆ ਹੈ। ਬਹੁਤ ਸਾਰੀਆਂ ਖਾਲੀ ਥਾਵਾਂ ਰਹਿ ਗਈਆਂ ਹਨ। ਇਹ ਖਾਲੀ ਥਾਵਾਂ ਤੁਸੀਂ ਆਪ ਭਰਨੀਆਂ
ਹਨ। ਮੇਰੇ ਪਾਸ ਤੁਸੀਂ ਜਦੋਂ ਵੀ ਆਵੋਗੇ, ਮੇਰੀਆਂ ਖੁੱਲ੍ਹੀਆਂ ਬਾਹਵਾਂ ਤੁਹਾਡੇ ਸਵਾਗਤ ਲਈ ਤੱਤਪਰ ਰਹਿਣਗੀਆਂ। ਇਸ ਕਮਰੇ
ਨਾਲ ਮੇਰਾ ਖਾਸ ਪਿਆਰ ਹੈ। ਪਿਛਲੇ ਸਾਰੇ ਸਾਲਾਂ ਵਿਚ ਮੇਰੇ ਬਹੁਤੇ ਪੀਰੀਅਡ ਏਸ ਕਮਰੇ ਵਿਚ ਲਗਦੇ ਰਹੇ ਹਨ, ਪਰ ਅੱਜ ਤੋਂ
ਬਾਅਦ ਮੈਂ ਇਸ ਕਮਰੇ ਵਿਚ ਫੇਰ ਨਹੀਂ ਆਉਣਾ। ਅਲਵਿਦਾ ਮੇਰੇ ਨਿੱਕੇ ਸਾਥੀਓ!
ਮੈਂ ਜਾਣ ਹੀ ਲੱਗਾ ਸਾਂ, ਇੱਕ ਨੌਜਵਾਨ ਨੇ ਅੰਦਰ ਆਉਣ ਦੀ ਆਗਿਆ ਮੰਗੀ, ਮੈਂ ਤੁਹਾਡਾ ਪੁਰਾਣਾ ਵਿਦਿਆਰਥੀ ਹਾਂ। ਇਹ ਮੇਰੇ
ਪਿਤਾ ਜੀ ਹਨ। ਇਹ ਤੁਹਾਨੂੰ ਮਿਲਣਾ ਚਾਹੁੰਦੇ ਹਨ।
-ਚੰਗਾ, ਆਪਾਂ ਬਾਹਰ ਜਾ ਕੇ ਗੱਲ ਕਰਦੇ ਹਾਂ, ਮੈਂ ਕਿਹਾ।
-ਨਹੀਂ ਸਰ, ਏਸੇ ਕਮਰੇ ਵਿਚ ਹੀ ਮੈਂ ਤੁਹਾਨੂੰ ਆਪਣੀ ਪ੍ਰੇਮ ਸੌਗਾਤ ਅਰਪਿਤ ਕਰਨੀ ਹੈ।
ਅਗਲੀ ਘੰਟੀ ਵੱਜ ਗਈ ਸੀ, ਪਰ ਪਿਛਲੀ ਘੰਟੀ ਵਾਲੇ ਸਾਰੇ ਵਿਦਿਆਰਥੀ ਜਮਾਤ ਦੇ ਕਮਰੇ ਵਿਚ ਬੈਠੇ ਰਹੇ। ਮੇਰੀ ਅਗਲੀ ਜਮਾਤ
ਬੀ ਏ ਭਾਗ ਦੂਜਾ ਆਨਰਜ਼ ਦੇ ਵਿਦਿਆਰਥੀ, ਪਿਛੇ ਆ ਕੇ ਬੈਠ ਗਏ ਸਨ।
-ਮੇਰਾ ਨਾਮ ਦਰਬਾਰ ਸਿੰਘ ਹੈ। ਪਪੜੌਦੀ ਮੇਰਾ ਪਿੰਡ ਹੈ। ਮੈਂ ਤੁਹਾਡੇ ਏਸੇ ਕਮਰੇ ਦੇ ਨਾਲ ਇਕ ਪਾਸੇ ਕਰਕੇ, ਕਰੀਬ ਦਸ ਸਾਲ
ਲੱਕੜੀ ਦਾ ਕੰਮ ਕਰਦਾ ਰਿਹਾ ਹਾਂ। ਕਾਲਜ ਦੀ ਧਰਤੀ ਵਾਲੀ ਮੰਜ਼ਿਲ ਬਣ ਗਈ ਸੀ, ਦਰਵਾਜ਼ੇ, ਖਿੜਕੀਆਂ, ਰੌਸ਼ਨਦਾਨ ਬਣ ਰਹੇ
ਸਨ। ਮੈਂ ਬਣਾ ਰਿਹਾ ਸਾਂ। ਫੇਰ ਕਾਲਜ ਦੀ ਪਹਿਲੀ ਮੰਜ਼ਿਲ ਬਣ ਕੇ ਤਿਆਰ ਹੋਈ। ਮੈਂ ਦਰਵਾਜ਼ੇ, ਖਿੜਕੀਆਂ ਰੌਸ਼ਨਦਾਨ ਬਣਾ
ਰਿਹਾ ਸਾਂ। ਖਿੜਕੀਆਂ ਰਾਹੀਂ ਤੁਹਾਡੀ ਅਵਾਜ਼ ਬਾਹਰ ਆਉਂਦੀ। ਕੰਮ ਕਰਦਾ ਹੋਇਆ, ਮੈਂ ਤੁਹਾਡੀ ਅਵਾਜ਼ ਨੂੰ ਬੋਚਦਾ ਰਹਿੰਦਾ।
ਤੁਸੀਂ ਬੋਲਦੇ ਰਹੇ, ਮੋਟੀ ਮੋਟੀ ਗੱਲ ਮੇਰੀ ਸਮਝ ਵਿਚ ਪੈਂਦੀ ਰਹੀ। ਮੇਰਾ ਇਹ ਮੁੰਡਾ ਮੇਰੀ ਰੋਟੀ ਲੈ ਕੇ ਆਉਂਦਾ ਹੁੰਦਾ ਸੀ। ਜਦੋਂ
ਵੱਡਾ ਹੋ ਗਿਆ, ਕਾਲਜ ਪੜ੍ਹਨ ਲੱਗਾ। ਮੈਂ ਅਨਪੜ ਹੁੰਦਾ ਹੋਇਆ ਵੀ ਕਿੰਨਾ ਕੁਝ ਇਸਨੂੰ ਸਮਝਾ ਦਿੰਦਾ ਸੀ। ਮੈਂ ਬੁੱਢਾ ਹੋ ਰਿਹਾ
ਸਾਂ। ਮੇਰੇ ਮੁੰਡੇ ਨੇ ਸ਼ਹਿਰ ਵਿਚ ਆਰਾ ਮਸ਼ੀਨ ਲਗਾ ਲਈ ਸੀ। ਆਪਣਾ ਫਰਨੀਚਰ ਹਾਊਸ ਸਥਾਪਿਤ ਕਰ ਲਿਆ ਹੈ। ਤੁਸੀਂ
ਦੱਸਿਆ ਸੀ, ਬੰਦਾ ਹਿੰਮਤ, ਇਮਾਨਦਾਰੀ ਨਾਲ ਚੱਲਦਾ ਰਹੇ ਤਾਂ ਕੀ ਨਹੀਂ ਕਰ ਸਕਦਾ। ਮੇਰੇ ਬੇਟੇ ਨੇ ਦੱਸਿਆ ਕਿ ਤੁਹਾਡਾ ਇਸ
ਕਾਲਜ ਵਿਚ ਅੱਜ ਆਖਰੀ ਦਿਨ ਹੈ। ਕਈ ਸਾਲ ਪਹਿਲਾਂ ਮੈਂ ਤੁਹਾਡੇ ਲਈ ਇਹ ਨਿੱਕੀ ਜਿਹੀ ਪਿਆਰ ਨਿਸ਼ਾਨੀ ਤਿਆਰ ਕਰਕੇ
ਰੱਖੀ ਹੋਈ ਸੀ। ਮੌਕੇ ਦੀ ਤਲਾਸ਼ ਵਿਚ ਸਾਂ।
ਵਧੀਆ ਲੱਕੜ ਦਾ ਬਣਿਆ ਪਤਲਾ ਜਿਹਾ, ਲੰਮਾ ਸਾਰਾ ਡੱਬਾ ਸੀ। ਉਪਰ ਝੁਕੇ ਰੁੱਖਾਂ ਹੇਠਾਂ ਇਕ ਕਮਰਾ ਚਿਤਰਿਆ ਹੋਇਆ ਸੀ।
ਲਗਦਾ ਸੀ, ਕਮਰੇ ਅੰਦਰ ਬੱਚੇ ਬੈਠੇ ਹੋਏ ਸਨ। ਮੈਂ ਡੱਬਾ ਖੋਲ੍ਹ ਕੇ ਵਿਚੋਂ ਇਕ ਯੰਤਰ ਬਾਹਰ ਕੱਢਿਆ, ਇਹ ਲੱਕੜ ਦੀ ਖੂਬਸੂਰਤ
ਕਲਮ ਸੀ, ਕਰੀਬ ਇਕ ਫੁੱਟ ਲੰਮੀ। ਲੱਕੜ ਦੀ ਕਲਮ ਮੈਂ ਆਪਣੇ ਸਿਰ ਉਤੇ ਰੱਖੀ।
ਫੇਰ ਕਲਮ ਨੂੰ ਚੁੰਮਿਆ। ਬੜਾ ਢੁਕਵਾਂ ਤੋਹਫਾ ਹੈ। ਮੈਂ ਕਲਮ ਦਾ ਸਿਪਾਹੀ ਹਾਂ। ਕਲਮ ਮੇਰਾ ਹਥਿਆਰ ਹੈ, ਸੰਦ ਹੈ। ਮੈਂ ਹੁਣ ਕਲਮ
ਦਾ ਕੁਲਵਕਤੀ ਕਾਰੀਗਰ ਹਾਂ।
ਮੈਂ ਦਰਬਾਰ ਸਿੰਘ ਦਾ ਹੱਥ ਫੜ੍ਹ ਕੇ ਕਲਾਸ ਵਿਚੋਂ ਬਾਹਰ ਆਇਆ। ਪਿੱਛੇ-ਪਿੱਛੇ ਵਿਦਿਆਰਥੀ ਸਨ। ਵਿਦਿਆਰਥੀਆਂ ਦੀਆਂ
ਅੱਖਾਂ ਵਿਚੋਂ ਅਣਵਗੇ ਹੰਝੂ ਸਨ।
ਮੇਰੇ ਨਾਮ ਉਤੇ ਜਾਰੀ ਹੋਈਆਂ, ਪਰ ਬਾਅਦ ਵਿਚ ਵਾਪਸ ਨਾ ਮੁੜੀਆਂ, ਕਿਤਾਬਾਂ ਦੇ ਪੈਸੇ ਮੈਂ ਭਰੇ, ਰਸੀਦ ਲਈ। ਨੁੱਕਰ ਵਾਲੀ
ਕੁਰਸੀ ਉਤੇ ਪਲ ਬੈਠਾ, ਕੁਰਸੀ ਨੂੰ ਚੁੰਮਿਆ। ਇਸ ਕੁਰਸੀ ਉਤੇ ਮੈਂ ਆਪਣੇ ਖਾਲੀ ਪੀਰੀਅਡਾਂ ਵਿਚ, ਆ ਕੇ ਬੇਠਦਾ ਸਾਂ, ਅਖਬਾਰਾਂ
ਰਸਾਲੇ ਪੜ੍ਹਦਾ ਸਾਂ।
ਪ੍ਰਿੰਸੀਪਲ ਦੇ ਦਫਤਰ ਸਾਹਮਣੇ ਦੀ ਲੰਘ ਕੇ ਸਟਾਫ ਰੂਮ ਵੱਲ ਗਿਆ। ਪ੍ਰਿੰਸੀਪਲ ਨੇ ਬੁਲਾ ਕੇ ਚਾਹ ਦੇ ਕੱਪ ਦੇ ਸੁਲਾਹ ਤਾਂ ਕੀ
ਮਾਰਨੀ ਸੀ, ਭੋਰਾ ਭਰ ਪਿਆਰ ਵੀ ਨਹੀਂ ਜਿਤਲਾਇਆ ਕਿ ਹੁਣ ਮੈਂ ਕੱਲ੍ਹ ਤੋਂ ਕਾਲਜ ਨਹੀਂ ਆਉਣਾ। ਮੇਰੇ ਚਲੇ ਜਾਣ ਨਾਲ ਕਾਲਜ
ਦੀਆਂ ਕਈ ਸਰਗਰਮੀਆਂ ਅਧੂਰੀਆਂ ਤੇ ਊਣੀਆਂ ਰਹਿਣਗੀਆਂ।
ਵਿਦਾਇਗੀ ਪਾਰਟੀ ਦੀ ਕੋਈ ਸੂਚਨਾ ਹੀ ਨਹੀਂ ਸੀ। ਕਿਸੇ ਵੀ ਪ੍ਰੋਫੈਸਰ ਨੇ ਇਹ ਵੀ ਨਹੀਂ ਕਿਹਾ, ਤੁਸੀਂ ਹੁਣ ਜਾ ਰਹੇ ਹੋ ਫੇਰ ਵੀ
ਕਦੀ ਕਦੀ ਆਇਓ ਕਰੋਗੇ ਨਾ। ਆਓ ਪਲ ਬੈਠੀਏ। ਮੈਡਮ ਪਰਮਜੀਤ ਕੌਰ ਸੋਬਤੀ ਕੁਝ ਨਹੀਂ ਬੋਲੀ, ਪਰ ਉਸ ਦੇ ਚਿਹਰੇ ਉਤੇ
ਸੱਚੀ ਉਦਾਸੀ ਦੀਆਂ ਲਕੀਰਾਂ ਸਨ।
ਮੈਂ ਸਟਾਫ ਰੂਮ ਵਿਚ ਆਇਆ। ਅਲਮਾਰੀ ਦਾ ਆਪਣਾ ਖਾਨਾ ਸਾਫ ਕੀਤਾ। ਵਾਧੂ ਕਾਗਜ਼ ਡਸਟਬਿਨ ਵਿਚ ਸੁੱਟੇ। ਜਿੰਦਾ ਕੁੰਜੀ
ਖਾਨੇ ਦੇ ਵਿਚ ਰੱਖ ਦਿੱਤਾ ਤੇ ਕੁੰਡੀ ਲਗਾ ਦਿੱਤੀ। ਜਿੰਦਾ-ਕੁੰਜੀ ਭਾਵੇਂ ਮੇਰਾ ਆਪਣਾ ਖ੍ਰੀਦਿਆ ਹੋਇਆ ਸੀ, ਪਰ ਘਰ ਨੂੰ ਕਾਹਨੂੰ ਲੈ
ਕੇ ਜਾਣਾ। ਜਿਹੜਾ ਕੋਈ ਨਵਾਂ ਪ੍ਰੋਫੈਸਰ ਇਹ ਖਾਨਾ ਲਵੇਗਾ, ਤਾਲਾ ਉਸਦੇ ਕੰਮ ਆਵੇਗਾ।
ਸਾਰੇ ਪ੍ਰੋਫੈਸਰ ਜਾ ਚੁੱਕੇ ਸਨ।
ਮੈਂ ਬਾਹਰ ਖੜ੍ਹੇ ਵਿਦਿਆਰੀਥਆਂ ਨੂੰ ਅੰਦਰ ਬੁਲਾਇਆ, ਸਾਨੂੰ ਤਾਂ ਅੱਜ ਹੀ ਪਤਾ ਲੱਗਾ ਹੈ ਕਿ ਕੱਲ੍ਹ ਤੋਂ ਕਾਲਜ ਨਹੀਂ ਆਉਣਾ।
ਅਸੀਂ ਤਾਂ ਤੁਹਾਨੂੰ ਵਿਦਾਇਗੀ ਪਾਰਟੀ ਵੀ ਨਾ ਦੇ ਸਕੇ। ਛੇਤੀ ਹੀ ਜਦੋਂ ਅਸੀਂ ਕਾਲਜ ਵਿਚ ਤੁਹਾਡੇ ਮਾਣ ਵਿਚ ਪਾਰਟੀ ਰੱਖੀਏ।
ਤੁਸੀਂ ਆਓਗੇ ਨਾ?
ਪਾਰਟੀ ਤੁਸੀਂ ਰਹਿਣ ਦਿਓ, ਤੁਹਾਡੇ ਦਿਲ ਵਿਚ ਮੇਰੇ ਪ੍ਰਤੀ ਜਿਹੜਾ ਪਿਆਰ ਹੈ ਮੇਰੇ ਲਈ ਉਹ ਕਾਫੀ ਹੈ।
ਕੈਨਟੀਨ ਪ੍ਰਬੰਧਕ ਟਰੇ ਲੈ ਕੇ ਆ ਗਿਆ, ਪੀਅਨ ਤੁਹਾਡੇ ਕੈਨਟੀਨ ਬਕਾਏ ਬਾਰੇ ਪੁੱਛਦਾ ਸੀ। ਤੁਹਾਡਾ ਬਕਾਇਆ ਕਾਹਦਾ। ਕਦੀ
ਕਦੀ ਤੁਸੀਂ ਚਾਹ ਪੀਂਦੇ ਸੋ। ਉਹ ਵੀ ਜਦੋਂ ਤੁਹਾਨੂੰ ਕੋਈ ਮਿਲਣ ਆਇਆ ਹੋਵੇ। ਪੈਸੇ ਤੁਸੀਂ ਮੌਕੇ ਉਤੇ ਹੀ ਦੇ ਦਿੰਦੇ ਸੀ। ਆਹ ਲਵੋ
ਅੱਜ ਦੀ ਚਾਹ ਮੇਰੇ ਵੱਲੋਂ। ਇਸਦਾ ਕੋਈ ਬਕਾਇਆ ਮੈਂ ਨਹੀਂ ਲੈਣਾ।
ਨਹੀਂ, ਬਕਾਇਆ ਤਾਂ ਮੈਂ ਜਰੂਰ ਦੇਵਾਂਗਾ, ਜਦੋਂ ਤੂੰ ਮੇਰੇ ਘਰ ਆਇਆ। ਤੈਨੂੰ ਚਾਹ ਪਿਆਏ ਬਿੰਨਾ ਥੋੜਾ ਭੇਜਾਂਗਾ।
ਮੈਂ ਪ੍ਰੋਫੈਸਰਾਂ ਦੇ ਹਾਜ਼ਰੀ ਰਜਿਸਟਰ ਉਤੇ ਆਪਣੇ ਹਸਤਾਖਰ ਕੀਤੇ, ਮਿਤੀ ਪਾਈ ੩੦ ਨਵੰਬਰ ੧੯੯੭, ਸ਼ਾਮ ੩:੧੫
ਮੈਂ ਅਗਲਾ ਸਫਾ ਪਰਤਿਆ। ਪਹਿਲੀ ਦਸੰਬਰ ਮੇਰੇ ਨਾਮ ਵਾਲਾ ਖਾਨਾ ਖਾਲੀ ਸੀ।
ਕਾਸ਼, ਜ਼ਿੰਦਗੀ ਕਾਲਜ ਹੁੰਦੀ!
ਜੇ ਫੁੱਲਾਂ ਦੀ ਰੁੱਤ ਹਮੇਸ਼ਾਂ ਰਹਿੰਦੀ!
ਜੱਦ ਪੈਣ ਕਪਾਹੀ ਫੁੱਲ ਵੇ, ਧਰਮੀ ਬਾਬਲਾ,
ਸਾਨੂੰ ਉਹ ਰੁੱਤ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ।

ਕਵਿਤਾ ਭਵਨ, ਮਾਛੀਵਾੜਾ ਰੋਡ ਸਮਰਾਲਾ ੧੪੧੧੧੪
੯੪੬੩੮-੦੮੬੯੭

No comments:

Post a Comment