Wednesday, September 19, 2012

ਪ੍ਰਵਾਸੀ ਪੰਜਾਬੀ ਸੱਭਿਆਚਾਰ ਦਾ ਭਵਿੱਖ (ਭਾਸ਼ਾ ਦੇ ਆਧਾਰ ਤੇ ਕੁਝ ਨੁਕਤੇ) -ਅਮਨਦੀਪ ਸਿੰਘ


ਪੰਜਾਬੀ ਸੱਭਿਆਚਾਰ ਦਾ ਵਿਦੇਸ਼ਾਂ ਵਿਚ ਕਿਸ ਤਰ੍ਹਾਂ ਦਾ ਭਵਿੱਖ ਹੋਵੇਗਾ, ਇਸਦੀ ਕੋਈ ਭਵਿੱਖਬਾਣੀ ਕਰਨੀ ਬੜਾ ਮੁਸ਼ਕਿਲ ਕੰਮ ਹੈ।
ਇਸ ਮੁਸ਼ਕਿਲ ਦਾ ਪਹਿਲਾ ਮਹੱਤਵਪੂਰਨ ਕਾਰਨ ਇਹ ਹੈ ਕਿ ਪੰਜਾਬੀਆਂ ਦਾ ਪ੍ਰਵਾਸ ਕੇਵਲ ਇਕ ਦੇਸ਼ ਵੱਲ ਸੋਧਤ ਹੋਣ ਦੀ ਬਜਾਏ
ਵੱਖੋ ਵੱਖਰੇ ਦੇਸ਼ਾਂ ਵੱਲ ਕਦੇ ਹੌਲੀ ਅਤੇ ਕਦੇ ਤੇਜ਼ ਰਫਤਾਰ ਨਾਲ ਹੁੰਦਾ ਰਿਹਾ ਹੈ। ਆਪਣੀਆਂ ਸਹੂਲਤਾਂ ਤੇ ਵੀਜ਼ਾ ਨਿਯਮਾਂ ਦੀ ਔਖਸੌਖ
ਦੇ ਆਧਾਰ ਤੇ ਕਦੇ ਇੰਗਲੈਂਡ, ਕਦੇ ਅਮਰੀਕਾ, ਕਦੇ ਕੈਨੇਡਾ ਅਤੇ ਨੇੜਲੇ ਸਮੇਂ ਵਿਚ ਆਸਟ੍ਰੇਲੀਆ ਪੰਜਾਬੀਆਂ ਦੇ ਮਨਪਸੰਦ
ਰਹਿਣ ਸਥਾਨ ਬਣਦੇ ਰਹੇ ਹਨ। ਇਸ ਕਾਰਨ ਪੰਜਾਬੀ ਪ੍ਰਵਾਸੀਆਂ ਦਾ ਕੋਈ ਇਹ ਸਮੂਹ ਸਾਹਮਣੇ ਆਉਣ ਦੀ ਬਜਾਏ ਸਾਰੇ ਸੰਸਾਰ
ਵਿਚ ਫੈਲੇ ਪੰਜਾਬੀ ਮਿਲ ਜਾਂਦੇ ਹਨ ਜਿਨ੍ਹਾਂ ਨੇ ਆਪੋ ਆਪਣੀਆਂ ਲੋੜਾਂ ਅਤੇ ਆਪੋ ਆਪਣੀ ਸਮਰੱਥਾ ਮੁਤਾਬਕ ਮੂਲ ਪੰਜਾਬੀ
ਸੱਭਿਆਚਾਰ ਨਾਲ ਆਪਣੀ ਸਾਂਝ ਬਰਕਾਰਰ ਰੱਖੀ ਹੋਈ ਹੈ। ਦੂਸਰਾ ਨੁਕਤਾ ਇਹ ਹੈ ਕਿ ਪਿਛਲੇ ੧੦-੧੨ ਸਾਲਾਂ ਵਿਚ ਸੰਚਾਰ
ਤਕਨਾਲੋਜੀ ਵਿਚ ਵਿਚ ਆਈ ਕ੍ਰਾਂਤੀ ਨੇ ਸਾਰੇ ਸੰਸਾਰ ਨੂੰ ਬਹੁਤ ਨੇੜੇ ਲੈ ਆਂਦਾ ਹੈ, ਇਸ ਨੇੜਤਾ ਦੇ ਪ੍ਰਵਾਸੀ ਪੰਜਾਬੀ ਸਮਾਜ ਅਤੇ
ਪ੍ਰਵਾਸੀ ਪੰਜਾਬੀ ਸੱਭਿਆਚਾਰ ਉਪਰ ਕੀ ਪ੍ਰਭਾਵ ਪੈਣਗੇ, ਇਹ ਵੀ ਧਿਆਨ ਦੇਣ ਯੋਗ ਮਸਲਾ ਹੈ।
ਇਸ ਪ੍ਰਸੰਗ ਵਿਚ ਪ੍ਰਵਾਸੀ ਪੰਜਾਬੀ ਸੱਭਿਆਚਾਰ ਦੀਆਂ ਭਵਿੱਖੀ ਦਿਸ਼ਾਵਾਂ ਦਾ ਅਨੁਮਾਨ ਲਾਉਣ ਲਈ ਪੰਜਾਬੀ ਭਾਸ਼ਾ ਦੇ ਭਵਿੱਖ ਦਾ
ਅਧਿਐਨ ਕਰਨਾ ਸਹਾਈ ਹੋ ਸਕਦਾ ਹੈ। ਇਹ ਅਧਿਐਨ ਕਰਨ ਸਮੇਂ ਸਮੂਹ ਪ੍ਰਵਾਸੀਆਂ ਨੂੰ ਕਿਸੇ ਇਕ ਸਾਂਚੇ ਵਿਚ ਫਿੱਟ ਨਹੀਂ
ਕੀਤਾ ਜਾ ਸਕਦਾ। ਇਹਨਾਂ ਵਿਚੋਂ ਕੁਝ ਅਜਿਹੇ ਪ੍ਰਵਾਸੀ ਹਨ ਜੋ ਆਪਣਾ ਬਚਪਨ ਤੇ ਜਵਾਨੀ ਪੰਜਾਬ ਵਿਚ ਬਿਤਾਉਣ ਤੋਂ ਬਾਅਦ
ਪ੍ਰਵਾਸ ਕਰਦੇ ਹਨ, ਜਿਹਨਾਂ ਨੂੰ ਅਸੀਂ ਪਹਿਲੀ ਪੀੜ੍ਹੀ ਦੀ ਔਲਾਦ ਪ੍ਰਵਾਸੀਆਂ ਦੀ ਦੂਸਰੀ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹੈ ਜਿਸਦਾ
ਪਾਲਣ ਪੋਸ਼ਣ ਪ੍ਰਦੇਸ ਵਿਚ ਹੀ ਹੋਇਆ ਹੈ। ਪ੍ਰਵਾਸੀਆਂ ਦੀ ਪੀੜ੍ਹੀ ਵਿਚ ਅੰਤਰ ਦੇ ਨਾਲ ਹੀ ਉਨ੍ਹਾਂ ਦੀ ਭਾਸ਼ਾ ਵਿਚ ਵੀ ਸੁਭਾਵਿਕ ਹੀ
ਅੰਤਰ ਆ ਜਾਂਦਾ ਹੈ। ਪੰਜਾਬ ਤੋਂ ਗਏ ਪਹਿਲੀ ਪੀੜ੍ਹੀ ਦੇ ਬਹੁਗਿਣਤੀ ਪ੍ਰਵਾਸੀਆਂ ਲਈ ਪੰਜਾਬੀ ਉਨ੍ਹਾਂ ਦੀ ਪਹਿਲੀ ਭਾਸ਼ਾ ਹੈ, ਜਦੋਂ
ਕਿ ਦੂਸਰੀ ਪੀੜ੍ਹੀ ਦੇ ਪ੍ਰਵਾਸੀਆਂ ਲਈ ਅੰਗਰੇਜ਼ੀ ਆਮ ਤੌਰ ਤੇ ਉਹਨਾਂ ਦੀ ਪਹਿਲੀ ਭਾਸ਼ਾ ਬਣ ਜਾਂਦੀ ਹੈ।
ਪ੍ਰਵਾਸੀਆਂ ਦੀਆਂ ਪੀੜ੍ਹੀਆਂ ਵਿਚ ਇਸ ਵਖਰੇਵੇਂ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਵੱਖੋ ਵੱਖ ਪੀੜ੍ਹੀਆਂ ਵਾਲੇ ਪ੍ਰਵਾਸੀਆਂ
ਦਾ ਵੱਖੋ-ਵੱਖ ਭਾਸ਼ਾਵਾਂ ਨਾਲ ਕੀ ਰਿਸ਼ਤਾ ਹੈ, ਇਸਦਾ ਅਧਿਐਨ ਕਿਵੇਂ ਕੀਤਾ ਜਾਵੇ। ਇਸ ਸਬੰਧ ਵਿਚ ਵਰਤਮਾਨ ਦੀ ਤਸਵੀਰ
ਪ੍ਰਾਪਤ ਕਰਨ ਲਈ ਪ੍ਰਵਾਸੀ ਸਾਹਿਤ ਵਿਚੋਂ ਕੁਝ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ, ਜਦੋਂ ਕਿ ਭਵਿੱਖ ਬਾਰੇ ਅਨੁਮਾਨ ਲਗਾਉਣ
ਲਈ ਸਾਨੂੰ ਸਾਹਿਤ ਦੇ ਨਾਲ ਹੀ ਸਾਹਿਤ ਬਾਹਰਲੇ ਹੋਰ ਸਾਧਨਾਂ ਤੇ ਵੀ ਨਜ਼ਰ ਮਾਰਨੀ ਪਵੇਗੀ।
ਭਾਸ਼ਾ ਨਾ ਕੇਵਲ ਸੱਭਿਆਚਾਰਕ ਦਾ ਅਨਿੱਖੜ ਅੰਗ ਹੈ ਸਗੋਂ ਭਾਸ਼ਾ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਵਿਅਕਤੀ ਆਪਣੇ
ਸੱਭਿਆਚਾਰ ਨਾਲ ਜੁੜਦਾ ਅਤੇ ਅਗਲੀਆਂ ਪੀੜ੍ਹੀਆਂ ਵਿਚ ਉਸਨੂੰ ਅੱਗੇ ਤੋਰਦਾ ਹੈ। ਪੰਜਾਬੀ ਪ੍ਰਵਾਸੀ ਸਾਹਿਤ ਤੋਂ ਇਹ ਗੱਲ
ਅਸਾਨੀ ਨਾਲ ਜ਼ਾਹਿਰ ਹੁੰਦੀ ਹੈ ਕਿ ਵਿਦੇਸ਼ਾਂ ਵਿਚ ਮੁੱਖ ਤੌਰ ਤੇ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹਨ, ਜਦੋਂ
ਕਿ ਪੰਜਾਬੀ ਪ੍ਰਵਾਸੀਆਂ ਦੀ ਦੂਸਰੀ ਪੀੜ੍ਹੀ ਤੇਜ਼ੀ ਨਾਲ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਸਵਰਨ ਚੰਦਨ
ਦੇ ਨਾਵਲ ਕੰਜਕਾਂ, ਦਰਸ਼ਨ ਧੀਰ ਦੇ ਨਾਵਲ ਪੈੜਾਂ ਦੇ ਆਰ ਪਾਰ ਸਮੇਤ ਹੋਰ ਬਹੁਤ ਸਾਰੀਆਂ ਪੰਜਾਬੀ ਰਚਨਾਵਾਂ ਤੋਂ ਇਹ ਗੱਲ
ਸਾਹਮਣੇ ਆਉਂਦੀ ਹੈ ਕਿ ਪਰਾਏ ਮੁਲਕ ਵਿਚ ਜਾ ਕੇ ਪ੍ਰਵਾਸੀ ਦੀ ਪਹਿਲੀ ਮੁਸ਼ਕਲ ਉਥੋਂ ਦੀ ਭਾਸ਼ਾ ਸਿੱਖਣ ਦੀ ਹੁੰਦੀ ਹੈ। ਪ੍ਰਦੇਸ
ਗਈ ਪਹਿਲੀ ਪੀੜ੍ਹੀ ਆਪਣੀਆਂ ਭਾਰਤੀ ਭਾਸ਼ਾਵਾਂ ਵਿਚ ਤਾਂ ਪ੍ਰਵੀਨ ਹੁੰਦੀ ਹੈ ਪਰ ਪੱਛਮੀ ਦੇਸ਼ਾਂ ਦੀ ਭਾਸ਼ਾ ਭਾਵ ਅੰਗਰੇਜ਼ੀ ਤੋਂ ਆਮ
ਕਰਕੇ ਕੋਰੀ ਹੁੰਦੀ ਹੈ। ਰੋਜ਼ਾਨਾ ਜੀਵਨ ਵਿਚ ਤੁਰਦਿਆਂ ਫਿਰਦਿਆਂ ਕੰਮ ਚਲਾਊ ਅੰਗਰੇਜ਼ੀ ਤਾਂ ਉਹ ਸਿੱਖ ਜਾਂਦੇ ਹਨ ਪਰ ਸੰਚਾਰ ਤੋਂ
ਅੱਗੇ ਭਾਵਨਾਵਾਂ ਅਤੇ ਮਨੋਭਾਵਾਂ ਦੇ ਪ੍ਰਗਟਾਅ ਸਮੇਂ ਇਹ ਥੋੜ੍ਹੀ ਜਿਹੀ ਅੰਗਰੇਜ਼ੀ ਉਨ੍ਹਾਂ ਦਾ ਸਾਥ ਛੱਡ ਜਾਂਦੀ ਹੈ। ਵਡੇਰੀ ਉਮਰ ਵਿਚ
ਪ੍ਰਦੇਸ ਪਹੁੰਚਣ ਵਾਲਿਆਂ ਨੂੰ ਤਾਂ ਭਾਸ਼ਾ ਦੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਤੰਗ ਕਰਦੀ ਹੈ। ਇਸ ਸਮੱਸਿਆ ਦੇ ਹੱਲ ਦੀ ਕੋਸ਼ਿਸ਼
ਵਜੋਂ ਜਿਥੇ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਆਰੰਭ ਹੁੰਦੀ ਹੈ, ਉਥੇ ਹੀ ਦੂਸਰੇ ਪਾਸੇ ਪ੍ਰਵਾਸੀ ਆਪਣੀਆਂ ਸਮਾਜਿਕ ਅਤੇ ਮਾਨਸਿਕ ਲੋੜਾਂ
ਦੀ ਪੂਰਤੀ ਲਈ ਆਪਣੇ ਵਰਗੇ ਲੋਕਾਂ ਤੇ ਅਧਾਰਤ ਬਸਤੀਆਂ (ਗੈਟੋ) ਬਣਾਉਣੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਦੀ ਇਕ ਝਲਕ
ਹਰਜੀਤ ਅਟਵਾਲ ਦੇ ਨਾਵਲ ਸਾਊਥਾਲ ਵਿਚ ਦੇਖੀ ਜਾ ਸਕਦੀ ਹੈ, ਜਿਥੇ ਅੰਗਰੇਜ਼ੀ ਦੀ ਲੋੜ ਨਾਂਹ-ਮਾਤਰ ਹੀ ਪੈਂਦੀ ਹੈ।
ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਦੀਆਂ ਅੰਗਰੇਜ਼ੀ ਨਾਲ ਜੁੜੀਆਂ ਸਮੱਸਿਆਵਾਂ ਦੀਆਂ ਉਪਰੋਕਤ ਉਦਾਹਰਨਾਂ ਤੋਂ ਇਸ ਤਰ੍ਹਾਂ ਜਾਪਦਾ ਹੈ
ਕਿ ਭਾਸ਼ਾ ਸਿੱਖਣ ਵਾਲੀ ਇਹ ਮੁਸ਼ਕਿਲ ਤਾਂ ਅਸਾਨੀ ਨਾਲ ਦੂਰ ਕੀਤੀ ਜਾ ਸਕਦੀ ਹੈ ਅਤੇ ਵਿਸ਼ੇਸ਼ ਤੌਰ ਤੇ ਦੂਸਰੀ ਪੀੜ੍ਹੀ ਦੇ ਪ੍ਰਵਾਸੀ
ਸਾਹਿਤ ਦੀ ਪੜ੍ਹਤ ਤੋਂ ਇਸ ਤਰ੍ਹਾਂ ਜਾਪਦਾ ਵੀ ਹੈ ਕਿ ਦੂਸਰੀ ਪੀੜ੍ਹੀ ਵਾਲੇ ਪ੍ਰਵਾਸੀ ਅੰਗਰੇਜ਼ੀ ਸਿੱਖਦੇ ਜਾ ਰਹੇ ਹਨ ਅਤੇ ਅੰਗਰੇਜ਼ਾਂ
ਵਰਗੇ ਹੀ ਹੁੰਦੇ ਜਾ ਰਹੇ ਹਨ। ਪਰ ਕੀ ਪੰਜਾਬੀਆਂ ਦਾ ਪੂਰੀ ਤਰ੍ਹਾਂ ਅੰਗਰੇਜ਼ ਬਣ ਸਕਣਾ ਸੰਭਵ ਹੈ? ਕੀ ਦੂਸਰੀ ਪੀੜ੍ਹੀ ਏਨੀ ਅਸਾਨੀ
ਨਾਲ ਆਪਣੇ ਮਾਪਿਆਂ ਦੀ ਭਾਸ਼ਾ ਤੇ ਸੱਭਿਆਚਾਰ ਤੋਂ ਪਿੱਛਾ ਛੁਡਾ ਸਕਦੀ ਹੈ? ਇਹਨਾਂ ਸਵਾਲਾਂ ਦੇ ਜਵਾਬ ਲਈ ਸਾਨੂੰ ਦੂਸਰੀ ਪੀੜ੍ਹੀ
ਦੇ ਪ੍ਰਵਾਸੀਆਂ ਦੇ ਪ੍ਰਦੇਸ ਵਿਚ ਤਜਰਬੇ ਨੂੰ ਧਿਆਨ ਵਿਚ ਰੱਖਣਾ ਪਵੇਗਾ, ਜਿਸ ਲਈ ਸਾਨੂੰ ਪੰਜਾਬੀ ਭਾਸ਼ਾ ਵਿਚ ਰਚੇ ਸਾਹਿਤ ਤੋਂ
ਬਾਹਰ ਦੇਖਣ ਦੀ ਲੋੜ ਪਵੇਗੀ।
ਸੱਭਿਆਚਾਰ ਅਤੇ ਭਾਸ਼ਾ ਦਾ ਅਧਿਐਨ ਪ੍ਰਵਾਸੀ ਪੰਜਾਬੀ ਸਾਹਿਤ ਦੇ ਆਧਾਰ ਤੇ ਕਰਨ ਸਮੇਂ ਇਕ ਵੱਡੀ ਮੁਸ਼ਕਿਲ ਖੜ੍ਹੀ ਹੁੰਦੀ ਹੈ ਕਿ
ਪ੍ਰਵਾਸੀ ਸਾਹਿਤ ਵੀ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਲੇਖਕਾਂ ਵੱਲੋਂ ਹੀ ਰਚਿਆ ਜਾ ਰਿਹਾ ਹੈ, ਜਿਸ ਕਾਰਨ ਦੂਸਰੀ ਪੀੜ੍ਹੀ ਕਿਸ ਤਰ੍ਹਾਂ
ਸੋਚਦੀ ਹੈ, ਉਸਦੀਆਂ ਕੀ ਮੁਸ਼ਕਿਲਾਂ ਹਨ, ਉਹ ਭਵਿੱਖ ਵਿਚ ਕਿੱਧਰ ਜਾਵੇਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਨ ਦੀ ਇਸ ਸਾਹਿਤ
ਵਿਚ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਪਰ ਇਸ ਕੋਸ਼ਿਸ਼ ਵਿਚ ਦੂਸਰੀ ਪੀੜ੍ਹੀ ਦੇ ਕਿੰਨੀ ਕੁ ਪੇਸ਼ਕਾਰੀ ਹੋ ਸਕੀ ਹੈ, ਇਸ ਉਪਰ ਕਾਫੀ
ਸ਼ੰਕੇ ਉਠਾਏ ਜਾ ਸਕਦੇ ਹਨ। ਦੂਸਰੇ ਪਾਸੇ ਹਾਲੇ ਤੱਕ ਦੂਸਰੀ ਪੀੜ੍ਹੀ ਦੇ ਪ੍ਰਵਾਸੀ ਪੰਜਾਬੀ ਲੋਕਾਂ ਵਲੋਂ ਸਾਹਿਤ ਵਿਚ ਕੋਈ ਜ਼ਿਕਰਯੋਗ
ਕੰਮ ਨਹੀਂ ਕੀਤਾ ਗਿਆ ਜਿਸਦੇ ਅਧਾਰ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਨਜ਼ਰੀਏ ਨੂੰ ਸਮਝਿਆ ਜਾ ਸਕੇ।
ਇਸ ਸਮੱਸਿਆ ਦਾ ਇਕ ਹੱਲ ਭਾਰਤ ਤੋਂ ਪ੍ਰਵਾਸ ਧਾਰਨ ਕਰਨ ਵਾਲੇ ਦੂਸਰੇ ਭਾਸ਼ਾਈ ਭਾਈਚਾਰਿਆਂ ਦੀ ਦੂਸਰੀ ਪੀੜ੍ਹੀ ਦੇ ਸਾਹਿਤ
ਦੇ ਅਧਿਐਨ ਰਾਹੀਂ ਕੱਢਿਆ ਜਾ ਸਕਦਾ ਹੈ। ਬੰਗਾਲੀ ਜਾਂ ਗੁਜਰਾਤੀ ਭਾਸ਼ਾ ਨਾਲ ਸਬੰਧ ਰੱਖਣ ਵਾਲੇ ਪ੍ਰਵਾਸੀ ਭਾਈਚਾਰਿਆਂ ਦੀ
ਦੂਸਰੀ ਪੀੜ੍ਹੀ ਦਾ ਸਾਹਿਤ ਅੰਗਰੇਜ਼ੀ ਭਾਸ਼ਾ ਵਿਚ ਸਾਹਮਣੇ ਆ ਰਿਹਾ ਹੈ। ਇਸ ਸਾਹਿਤ ਵਿਚ ਦੂਸਰੀ ਪੀੜ੍ਹੀ ਨਾਲ ਜੁੜੇ ਮੁੱਦਿਆਂ ਦੀ
ਪੇਸ਼ਕਾਰੀ ਹੋ ਰਹੀ ਹੈ। ਇਸ ਸਾਹਿਤ ਦੀ ਭਾਸ਼ਾ ਚਾਹੇ ਕਿ ਅੰਗਰੇਜ਼ੀ ਹੈ, ਪਰ ਉਸ ਵਿਚ ਵਿਚਾਰੀਆਂ ਗਈਆਂ ਸਮੱਸਿਆਵਾਂ ਅਤੇ
ਸਮੱਸਿਆਵਾਂ ਨੂੰ ਦੇਖਣ ਦਾ ਨਜ਼ਰੀਆ ਬਹੁਤ ਹੱਦ ਤੱਕ ਆਪਣੇ ਮੂਲ ਸਥਾਨ ਜਾਂ ਆਪਣੀ ਮੂਲ ਪਛਾਣ ਲੱਭਣ ਤੇ ਹੀ ਕੇਂਦਰਤ ਹੈ।
ਪ੍ਰਵਾਸੀ ਸਮਾਜ ਵਿਚ ਭਾਸ਼ਾ ਦੀ ਕੀ ਸਥਿਤੀ ਹੈ ਅਤੇ ਉਥੋਂ ਦੇ ਜੀਵਨ ਉਪਰ ਭਾਸ਼ਾ ਦਾ ਕੀ ਪ੍ਰਭਾਵ ਪੈ ਰਿਹਾ ਹੈ ਅਤੇ ਖੁਦ ਭਾਸ਼ਾ
ਕਿੰਨੀ ਕੁ ਪ੍ਰਭਾਵਿਤ ਹੋ ਰਹੀ ਹੈ, ਇਸਦਾ ਵਰਤਮਾਨ ਸਰੂਪ ਦੇਖਣ ਲਈ ਅੰਗਰੇਜ਼ੀ ਭਾਸ਼ਾ ਵਿਚ ਰਚੇ ਗਏ ਕੁਝ ਨਾਵਲਾਂ ਦੀ ਸਹਾਇਤਾ
ਲਈ ਜਾ ਸਕਦੀ ਹੈ। ਤਨੂਜਾ ਦੇਸਾਈ ਦੇ ਨਾਵਲ ਬੌਰਨ ਕਨਫਿਊਜਡ, ਚਿਤਰਾ ਦਿਵਾਕਰੂਣੀ ਦੇ ਨਾਵਲ ਕੁਈਨ ਆਫ ਡਰੀਮਜ਼ ਅਤੇ
ਝੁੰਪਾ ਲਹਿਰੀ ਦੇ ਨਾਵਲ ਦਿ ਨੇਮਸੇਕ ਨੂੰ ਉਦਾਹਰਨ ਵਜੋਂ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਵਿਦੇਸ਼ੀ ਸਮਾਜ ਵਿਚ ਜ਼ਜ਼ਬ ਹੋ
ਸਕਣਾ ਅਸਾਨ ਨਹੀਂ ਹੈ ਖਾਸ ਤੌਰ ਤੇ ਉਸ ਸਮੇਂ ਜਦੋਂ ਮਹਿਮਾਨ ਸਮਾਜ ਤੁਹਾਨੂੰ ਅਦਰ ਹੀ ਸਮਝਦਾ ਹੋਵੇ। ਹਥਲੇ ਪਰਚੇ ਵਿਚ
ਇੰਗਲੈਂਡ ਵਸਦੇ ਪ੍ਰਵਾਸੀ ਪੰਜਾਬੀ ਲੇਖਕ ਸਵਰਨ ਚੰਦਨ ਦੇ ਨਾਵਲ ਕੰਜਕਾਂ ਅਤੇ ਅਮਰੀਕਾ ਜੰਮੀ ਪਲੀ ਅਤੇ ਹੁਣ ਇੰਗਲੈਂਡ ਰਹਿੰਦੀ
ਭਾਰਤੀ ਮੂਲ ਦੀ ਲੇਖਿਕਾ ਤਨੂਜਾ ਦੇਸਾਈ ਦੇ ਅੰਗਰੇਜ਼ੀ ਨਵਾਲ ਬੌਰਨ ਕਨਫਿਊਜਡ ਦੇ ਅਧਾਰ ਤੇ ਪ੍ਰਵਾਸੀ ਜੀਵਨ ਵਿਚ ਭਾਸ਼ਾ ਦੇ
ਵੱਖ-ਵੱਖ ਪ੍ਰਭਾਵੀ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜਦੋਂ ਕੋਈ ਵਿਅਕਤੀ ਪ੍ਰਵਾਸ ਧਾਰਨ ਕਰਦਾ ਹੈ ਤਾਂ ਪਰਾਏ ਮੁਲਕ ਵਿਚ ਜਾ ਕੇ ਉਸਦੀ ਪਹਿਲੀ ਮੁਸ਼ਕਲ ਉਥੋਂ ਦੀ ਭਾਸ਼ਾ ਸਿੱਖਣ ਦੀ
ਹੁੰਦੀ ਹੈ। ਪ੍ਰਦੇਸ ਗਈ ਪਹਿਲੀ ਪੀੜ੍ਹੀ ਆਪਣੀਆਂ ਭਾਰਤੀ ਭਾਸ਼ਾਵਾਂ ਵਿਚ ਤਾਂ ਪ੍ਰਵੀਨ ਹੈ ਪਰ ਪੱਛਮੀ ਦੇਸ਼ਾਂ ਦੀ ਭਾਸ਼ਾ ਭਾਵ ਅੰਗਰੇਜ਼ੀ
ਤੋਂ ਆਮ ਕਰਕੇ ਕੋਰੀ ਹੁੰਦੀ ਹੈ। ਰੋਜ਼ਾਨਾ ਜੀਵਨ ਵਿਚ ਤੁਰਦਿਆਂ ਫਿਰਦਿਆਂ ਕੰਮ ਚਲਾਊ ਅੰਗਰੇਜ਼ੀ ਤਾਂ ਉਹ ਸਿੱਖ ਜਾਂਦੇ ਹਨ ਪਰ
ਸੰਚਾਰ ਤੋਂ ਅੱਗੇ ਭਾਵਨਾਵਾਂ ਅਤੇ ਮਨੋਭਾਵਾਂ ਦੇ ਪ੍ਰਗਟਾਅ ਸਮੇਂ ਇਹ ਥੋੜ੍ਹੀ ਜਿਹੀ ਅੰਗਰੇਜ਼ੀ ਉਨ੍ਹਾਂ ਦਾ ਸਾਥ ਛੱਡ ਜਾਂਦੀ ਹੈ। ਵਡੇਰੀ
ਉਮਰ ਵਿਚ ਪ੍ਰਦੇਸ ਪਹੁੰਚਣ ਵਾਲਿਆਂ ਨੂੰ ਤਾਂ ਭਾਸ਼ਾ ਦੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਤੰਗ ਕਰਦੀ ਹੈ। ਇਸਦੇ ਉਲਟ
ਪ੍ਰਵਾਸੀਆਂ ਦੀ ਨਵੀਂ ਪੀੜ੍ਹੀ ਜੋ ਉਥੇ ਹੀ ਜੰਮੀ ਪਲੀ ਹੁੰਦੀ ਹੈ, ਉਹ ਆਪਣੇ ਸਮਾਜਿਕ ਵਾਤਾਵਰਣ ਵਿਚੋਂ ਹਰ ਵਕਤ ਅੰਗਰੇਜ਼ੀ ਗ੍ਰਹਿਣ
ਕਰਦੀ ਰਹਿੰਦੀ ਹੈ, ਪਰ ਆਪਣੇ ਮਾਪਿਆਂ ਦੀ ਭਾਸ਼ਾ ਨਾਲ ਉਨ੍ਹਾਂ ਦਾ ਵਾਹ ਘਰ ਵਿਚ ਹੀ ਪੈਂਦਾ ਹੈ ਅਤੇ ਉਹ ਵੀ ਕੁਝ ਸੀਮਤ ਸਮੇਂ
ਲਈ, ਜਿਸ ਕਾਰਨ ਉਨ੍ਹਾਂ ਲਈ ਪਹਿਲੀ ਭਾਸ਼ਾ ਅੰਗਰੇਜ਼ੀ ਹੀ ਬਣ ਜਾਂਦੀ ਹੈ। ਸ਼ੁਰੂ ਸ਼ੁਰੂ ਵਿਚ ਪ੍ਰਵਾਸੀ ਮਾਪੇ ਵੀ ਆਪਣੇ ਬੱਚਿਆਂ ਨੂੰ
ਵੱਧ ਤੋਂ ਵੱਧ ਅੰਗਰੇਜ਼ੀ ਬੋਲਦਿਆਂ ਸੁਣਨਾ ਚਾਹੁੰਦੇ ਹਨ ਤਾਂ ਕਿ ਆਪ ਅੰਗਰੇਜ਼ੀ ਨਾ ਸਿੱਖ ਸਕਣ ਕਾਰਨ ਆਈਆਂ ਮੁਸ਼ਕਲਾਂ ਦੀ ਪੀੜ
ਘਟਾ ਸਕਣ, ਪ੍ਰੰਤੂ ਜਦੋਂ ਬੱਚੇ ਦੇਸੀ ਭਾਸ਼ਾ ਵਿਚ ਸਾਧਾਰਨ ਵਾਰਤਾਲਾਪ ਕਰਨ ਤੋਂ ਵੀ ਅਸਮਰਥ ਹੋ ਜਾਂਦੇ ਹਨ ਤਾਂ ਨਵੀਂ ਅਤੇ ਪੁਰਾਣੀ
ਪੀੜ੍ਹੀ ਵਿਚਾਲੇ ਭਾਸ਼ਾ ਇਕ ਅਜਿਹੀ ਦੀਵਾਰ ਬਣ ਜਾਂਦੀ ਹੈ ਜਿਸਦੇ ਪਾਰ ਲੰਘ ਸਕਣਾ ਜੋ ਅਸੰਭਵ ਨਹੀਂ ਤਾਂ ਮੁਸ਼ਕਲ ਜਰੂਰ ਬਣ
ਜਾਂਦਾ ਹੈ।
ਭਾਸ਼ਾਈ ਪਛਾਣ ਦਾ ਆਰਥਿਕ ਪੱਖ
ਸਵੈ-ਇੱਛਤ ਪ੍ਰਵਾਸ ਲਈ ਜ਼ਿੰਮੇਵਾਰ ਕਾਰਨਾਂ ਵਿਚੋਂ ਇਕ ਮੁੱਖ ਕਾਰਨ ਆਪਣੀ ਆਰਥਿਕਤਾ ਵਿਚ ਸੁਧਾਰ ਕਰਨ ਦੀ ਇੱਛਾ ਹੁੰਦੀ
ਹੈ। ਪ੍ਰਦੇਸ ਵਿਅਕਤੀ ਨੂੰ ਅਜਿਹਾ ਸਥਾਨ ਮੁਹੱਈਆ ਕਰਵਾਉਂਦਾ ਹੈ ਜਿਥੇ ਉਹ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦਾ ਹੈ ਅਤੇ ਪੁਰਾਣੇ
ਸਮਾਜ ਦੀਆਂ ਦਰਜੇਬੰਦੀਆਂ ਤੋਂ ਪਾਰ ਆਪਣੀ ਇੱਛਾ ਅਨੁਸਾਰ ਕੰਮ ਕਰਨ ਲਈ ਅਜ਼ਾਦ ਹੁੰਦਾ ਹੈ। ਪਰ ਨਵੇਂ ਸਮਾਜ ਵਿਚ ਕੰਮ
ਲੱਭਣ ਲਈ ਉਥੋਂ ਦੀ ਭਾਸ਼ਾ ਦੀ ਜਾਣਕਾਰੀ ਹੋਣੀ ਲਾਜਮੀ ਹੋ ਜਾਂਦੀ ਹੈ। ਜਿਸ ਵਿਅਕਤੀ ਨੂੰ ਸਮਾਜ ਵਿਚ ਪ੍ਰਚਲਿਤ ਭਾਸ਼ਾ ਦਾ
ਗਿਆਨ ਨਹੀਂ ਹੈ, ਉਸ ਲਈ ਬਹੁਤ ਸਾਰੇ ਰਸਤੇ ਆਪਣੇ ਆਪ ਬੰਦ ਹੋ ਜਾਂਦੇ ਹਨ ਤੇ ਉਹ ਸੀਮਤ ਹੋ ਕੇ ਰਹਿ ਜਾਂਦਾ ਹੈ। ਸੀਮਤ ਹੋ
ਜਾਣ ਦੀ ਇਹ ਭਾਵਨਾ ਜਿਥੇ ਉਸਨੂੰ ਨਵੀਂ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਦੀ ਹੈ, ਉਥੇ ਹੀ ਭਾਸ਼ਾ ਸਿੱਖਣ ਵਿਚ ਆਉਂਦੀਆਂ
ਕਠਿਨਾਈਆਂ ਉਸਨੂੰ ਨਿਰਾਸ਼ਾ ਵੱਲ ਧੱਕਣ ਦੇ ਵੀ ਸਮਰੱਥ ਹੁੰਦੀਆਂ ਹਨ।
ਸਵਰਨ ਚੰਦਨ ਦਾ ਨਾਵਲ ਕੰਜਕਾਂ ਇੰਗਲੈਂਡ ਵਿਚਲੀ ਮਜ਼ਦੂਰ ਸ਼੍ਰੇਣੀ ਦੇ ਸੰਘਰਸ਼ ਦਾ ਬ੍ਰਿਤਾਂਤ ਪੇਸ਼ ਕਰਦਾ ਹੈ। ਪੰਜਾਬ ਵਿਚੋਂ ਪੜ੍ਹੇ
ਲਿਖੇ ਲੋਕਾਂ ਨੇ ਜਦੋਂ ਇੰਗਲੈਂਡ ਵੱਲ ਪ੍ਰਵਾਸ ਕੀਤਾ ਤਾਂ ਉਥੇ ਉਨ੍ਹਾਂ ਦੀ ਭਾਰਤ ਵਿਚ ਗ੍ਰਹਿਣ ਕੀਤੀ ਸਿੱਖਿਆ ਦਾ ਕੋਈ ਮੁੱਲ ਨਾ ਪਿਆ
ਅਤੇ ਉਨ੍ਹਾਂ ਨੂੰ ਪਹਿਲਾਂ ਪਹਿਲ ਫੈਕਟਰੀਆਂ ਗਫਾਊਂਡਰੀਆਂ ਆਦਿ ਵਿਚ ਹੀ ਕੰਮ ਕਰਨਾ ਪਿਆ। ਇਨ੍ਹਾਂ ਕੰਮਾਂ ਤੋਂ ਛੁਟਕਾਰਾ ਪਾਉਣ
ਲਈ ਉਨ੍ਹਾਂ ਲਈ ਜਰੂਰੀ ਸੀ ਕਿ ਉਹ ਉਥੋਂ ਦੀ ਸਿੱਖਿਆ ਹਾਸਲ ਕਰਨ। ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਸੀ। ਸੋ ਸਿੱਖਿਆ
ਹਾਸਲ ਕਰਨ ਲਈ ਅੰਗਰੇਜ਼ੀ ਭਾਸ਼ਾ ਵੀ ਆਉਣੀ ਲਾਜ਼ਮੀ ਸੀ। ਇਸ ਕਾਰਨ ਪ੍ਰਵਾਸੀਆਂ ਲਈ ਪਹਿਲੀ ਮੁਸ਼ਕਲ ਇਹ ਬਣ ਜਾਂਦੀ ਹੈ
ਕਿ ਉਹ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕਰਨ। ਕੰਜਕਾਂ ਨਾਵਲ ਵਿਚਲੇ ਸੁਜ਼ਾਨ ਦੀ ਪਤਨੀ ਭੁਪਿੰਦਰ ਜਦੋਂ ਲਾਇਬ੍ਰੇਰੀ ਦਾ ਕੋਰਸ ਕਰਨ
ਜਾਂਦੀ ਹੈ ਤਾਂ ਭਾਸ਼ਾ ਦੀ ਸਮੱਸਿਆ ਕਾਰਨ ਉਸਨੂੰ ਆਰੰਭ ਵਿਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ।
ਸਿੱਖਿਆ ਹਾਸਲ ਕਰਨ ਦੇ ਨਾਲ ਹੀ ਦੂਸਰਿਆਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਵੀ ਅੰਗਰੇਜ਼ੀ ਵਿਚ ਮੁਹਾਰਤ ਹੋਣੀ ਜਰੂਰੀ ਹੈ।
ਕੰਜਕਾਂ ਨਾਵਲ ਵਿਚ ਫੈਕਟਰੀਆਂ ਵਿਚ ਕੰਮ ਕਰਦੀਆਂ ਔਰਤਾਂ ਅੰਗਰੇਜ਼ੀ ਬੋਲਣੋਂ ਅਸਮਰਥ ਹੋਣ ਕਾਰਨ ਮੈਨੇਜਮੈਂਟ ਤੱਕ ਆਪਣੀ
ਗੱਲ ਪਹੁੰਚਾਉਣ ਵਿਚ ਅਸਮਰਥ ਹੁੰਦੀਆਂ ਹਨ। ਅਜਿਹੇ ਸਮੇਂ ਜੋ ਔਰਤ ਥੋੜ੍ਹੀ ਬਹੁਤ ਅੰਗਰੇਜ਼ੀ ਜਾਣਦੀ ਹੈ, ਉਸਦੀ ਪਹੁੰਚ ਅਤੇ
ਪ੍ਰਭਾਵ ਵਧ ਜਾਂਦਾ ਹੈ। ਅੰਗਰੇਜ਼ੀ ਬੋਲਣ ਤੋਂ ਅਸਮਰਥ ਔਰਤਾਂ ਮਹਿਸੂਸ ਕਰਦੀਆਂ ਹਨ ਕਿ ਜੇ ਉਨ੍ਹਾਂ ਨੂੰ ਅੰਗਰੇਜ਼ੀ ਆਉਂਦੀ ਹੋਵੇ ਤਾਂ
ਉਹ ਕਿਤੇ ਹੋਰ ਕੰਮ ਲੱਭ ਲੈਣ, ਪਰ ਹੁਣ ਵਾਲੀ ਹਾਲਤ ਵਿਚ ਤਾਂ ਜੋ ਵੀ ਕੰਮ ਮਿਲਿਆ ਹੋਇਆ ਹੈ, ਉਸੇ ਨੂੰ ਬਚਾ ਕੇ ਰੱਖਣ ਵਿਚ
ਫਾਇਦਾ ਹੈ। ਮਾਲਕ ਨੂੰ ਇਸ ਗੱਲ ਦਾ ਫਾਇਦਾ ਹੁੰਦਾ ਹੈ ਕਿਉਂਕਿ ਅਨਪੜ੍ਹ ਵਰਕਰ ਯੂਨੀਅਨਾਂ ਦੇ ਮਹੱਤਵ ਅਤੇ ਵਰਕਰਾਂ ਦੇ ਹਿੱਤਾਂ
ਨੂੰ ਨਹੀਂ ਸਮਝਦੇ ਅਤੇ ਕਿਸੇ ਬਹਿਸ ਵਿਚ ਨਹੀਂ ਪੈਂਦੇ।
ਭਾਸ਼ਾ ਨਾ ਆਉਣ ਕਾਰਨ ਪ੍ਰਵਾਸੀ ਵਿਅਕਤੀ ਆਪਣੀ ਯੋਗਤਾ ਅਤੇ ਸਮਰੱਥਾ ਤੋਂ ਬਹੁਤ ਥੋੜ੍ਹਾ ਕੰਮ ਕਰ ਸਕਦਾ ਹੈ ਅਤੇ ਉਸਦੀ
ਆਰਥਿਕ ਹਾਲਤ ਵੀ ਡਾਵਾਂਡੋਲ ਹੀ ਰਹਿੰਦੀ ਹੈ। ਕੰਮ ਦੇ ਸਥਾਨਾਂ ਤੇ ਭਾਸ਼ਾ ਇਕ ਅਜਿਹੀ ਦੀਵਾਰ ਦਾ ਕੰਮ ਕਰਦੀ ਹੈ ਜਿਸ ਰਾਹੀਂ
ਲੋਕ ਦੋ ਭਾਸ਼ਾਈ ਸਮੂਹਾਂ ਵਿਚ ਵੰਡੇ ਜਾਂਦੇ ਹਨ। ਪੰਜਾਬੀਆਂ ਵਿਚ ਅੰਗਰੇਜ਼ੀ ਦਾ ਨਾ ਆਉਣਾ ਹੀਣ ਭਾਵਨਾ ਪੈਦਾ ਕਰਦਾ ਹੈ, ਦੂਸਰੇ
ਪਾਸੇ ਗੋਰਿਆਂ ਨੂੰ ਪੰਜਾਬੀ ਹਮੇਸ਼ਾਂ ਅਨਪੜ੍ਹ ਅਤੇ ਪਛੜੇ ਹੋਏ ਜਾਪਦੇ ਰਹਿੰਦੇ ਹਨ ਕਿਉਂਕਿ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਬੋਲ
ਸਕਦੇ। ਇਸ ਤਰ੍ਹਾਂ ਭਾਸ਼ਾ ਸੱਭਿਆਚਾਰਕ ਦਰਜੇਬੰਦੀਆਂ ਦਾ ਕਾਰਨ ਬਣ ਜਾਂਦੀ ਹੈ ਜਿਸ ਵਿਚ ਇਕ ਭਾਸ਼ਾ ਨਾਲ ਜੁੜਿਆ ਸਮਾਜ ਤੇ
ਸੱਭਿਆਚਾਰ ਉੱਚਾ ਸਥਾਨ ਗ੍ਰਹਿਣ ਕਰ ਜਾਂਦਾ ਹੈ ਅਤੇ ਦੂਸਰਾ ਨੀਵੇਂ ਦਰਜੇ ਤੇ ਸਮਝ ਲਿਆ ਜਾਂਦਾ ਹੈ।
ਭਾਸ਼ਾਈ ਪਛਾਣ ਦਾ ਪਰਿਵਾਰਕ ਸਮਾਜਿਕ ਪੱਖ
ਭਾਸ਼ਾ ਰਾਹੀਂ ਵਿਅਕਤੀ ਦੂਸਰਿਆਂ ਨਾਲ ਆਪਣੀ ਸਾਂਝ ਸਥਾਪਤ ਕਰਦਾ ਹੈ ਅਤੇ ਇਕ ਦੂਸਰੇ ਦੇ ਸੁੱਖ-ਦੁੱਖ ਦਾ ਭਾਈਵਾਲ ਬਣਦਾ
ਹੈ। ਪ੍ਰਵਾਸ ਦੌਰਾਨ ਪਰਿਵਾਰ ਵਿਚ ਬੋਲੀ ਜਾਂਦੀ ਭਾਸ਼ਾ ਅਤੇ ਸਮਾਜ ਵਿਚ ਬੋਲੀ ਜਾਂਦੀ ਭਾਸ਼ਾ ਵਿਚ ਆਮ ਤੌਰ ਤੇ ਅੰਤਰ ਆ ਜਾਂਦਾ
ਹੈ। ਭਾਰਤ ਤੋਂ ਆਏ ਹੋਏ ਪ੍ਰਵਾਸੀ ਲਈ ਉਸਦੀ ਮਾਤਭਾਸ਼ਾ ਪੰਜਾਬੀ, ਹਿੰਦੀ, ਬੰਗਾਲੀ ਆਦਿ ਦਾ ਮਹੱਤਵ ਜ਼ਿਆਦਾ ਹੁੰਦਾ ਹੈ ਅਤੇ
ਅੰਗਰੇਜ਼ੀ ਨੂੰ ਉਹ ਪ੍ਰਦੇਸੀ ਸਮਾਜ ਨਾਲ ਥੋੜ-ਚਿਰੇ ਸੰਵਾਦ ਲਈ ਹੀ ਵਰਤਦਾ ਹੈ। ਇਸਦੇ ਉਲਟ ਉਨ੍ਹਾਂ ਦੇ ਬੱਚੇ ਜੋ ਪ੍ਰਦੇਸ ਵਿਚ ਹੀ
ਜੰਮਦੇ-ਪਲਦੇ ਤੇ ਵੱਡੇ ਹੁੰਦੇ ਹਨ, ਉਨ੍ਹਾਂ ਲਈ ਮੁੱਖ ਭਾਸ਼ਾ ਅੰਗਰੇਜ਼ੀ ਹੁੰਦੀ ਹੈ ਅਤੇ ਉਨ੍ਹਾਂ ਦਾ ਬੋਲਚਾਲ ਦਾ ਢੰਗ, ਲਹਿਜਾ ਤੇ ਮੁਹਾਰਤ
ਵੀ ਅੰਗਰੇਜ਼ਾਂ ਵਾਂਗ ਹੀ ਹੁੰਦੀ ਹੈ। ਘਰ ਵਿਚ ਵੀ ਬੱਚੇ ਆਮ ਤੌਰ ਤੇ ਅੰਗਰੇਜ਼ੀ ਬੋਲਣਾ ਹੀ ਪਸੰਦ ਕਰਦੇ ਹਨ ਅਤੇ ਆਪਣੇ ਮਾਪਿਆਂ
ਦੀ ਭਾਸ਼ਾ ਦੀ ਸਮਝ ਉਨ੍ਹਾਂ ਨੂੰ ਬਹੁਤ ਘੱਟ ਹੁੰਦੀ ਹੈ। ਅਜਿਹੇ ਸਮੇਂ ਦੋਹਾਂ ਪੀੜ੍ਹੀਆਂ ਵਿਚ ਸੰਚਾਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਜੇਕਰ ਦੂਸਰੀ ਪੀੜ੍ਹੀ ਆਪਣੇ ਵਿਰਸੇ ਨਾਲ ਜੁੜਨਾ ਵੀ ਚਾਹੁੰਦੀ ਹੈ ਤਾਂ ਉਸ ਲਈ ਭਾਸ਼ਾ ਵੱਡੀ ਰੁਕਾਵਟ ਬਣ ਜਾਂਦੀ ਹੈ।
ਪਰਿਵਾਰਕ ਸਾਂਝਾਂ ਵਿਚ ਭਾਸ਼ਾ ਦਾ ਰੋਲ ਅਮਰੀਕਾ ਵਸਦੀ ਪ੍ਰਵਾਸੀ ਭਾਰਤੀ ਲੇਖਿਕਾ ਤਨੂਜਾ ਦੇਸਾਈ ਦੇ ਨਾਵਲ ਬੌਰਨ ਕਨਫਿਊਜਡ
ਵਿਚ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਸ ਰਚਨਾ ਵਿਚ ਕਲਕੱਤੇ ਤੋਂ ਨਿਊਜਰਸੀ ਪ੍ਰਵਾਸ ਕਰ ਗਏ ਰੋਹਿਤ ਅਤੇ ਸ਼ਿਲਪਾ ਦੀ
ਅਮਰੀਕਾ ਵਿਚ ਹੀ ਜੰਮੀ ਪਲੀ ਲੜਕੀ ਡਿੰਪਲ ਦੇ ਪਛਾਣ ਦੇ ਸੰਕਟ ਦੀ ਪੇਸ਼ਕਾਰੀ ਕੀਤੀ ਗਈ ਹੈ। ਭਾਸ਼ਾਈ ਵਖਰੇਵਾਂ ਦੋਹਾਂ
ਪੀੜ੍ਹੀਆਂ ਨੂੰ ਵੱਖਰੇ-ਵੱਖਰੇ ਸਮੂਹਾਂ ਵਿਚ ਸੀਮਤ ਕਰ ਦਿੰਦਾ ਹੈ ਜਿਥੇ ਕਈ ਵਾਰ ਇਕ ਦੂਸਰੇ ਨਾਲ ਸੰਵਾਦ ਰਚਾ ਸਕਣਾ ਅਸੰਭਵ ਹੋ
ਜਾਂਦਾ ਹੈ। ਡਿੰਪਲ ਦੇ ਮਾਤਾ ਪਿਤਾ ਡਿੰਪਲ ਨਾਲ ਆਮ ਤੌਰ ਤੇ ਅੰਗਰੇਜ਼ੀ ਵਿਚ ਹੀ ਗੱਲ ਕਰਦੇ ਹਨ ਪਰ ਜਦੋਂ ਉਹ ਆਪਸ ਵਿਚ
ਗੱਲ ਕਰਦੇ ਹਨ ਤਾਂ ਭਾਵਨਾਵਾਂ ਦੇ ਵੇਗ ਵਿਚ ਵਹਿ ਕੇ ਆਪਣੀਆਂ ਮੂਲ ਭਾਸ਼ਾਵਾਂ ਮਰਾਠੀ ਜਾਂ ਗੁਜਰਾਤੀ ਵਿਚ ਗੱਲਬਾਤ ਕਰਨ ਲੱਗ
ਪੈਂਦੇ ਹਨ। ਅਜਿਹੇ ਸਮੇਂ ਉਨ੍ਹਾਂ ਦੀ ਭਾਸ਼ਾ ਸਮਝਣ ਤੋਂ ਅਸਰਮਥ ਡਿੰਪਲ ਨੂੰ ਲਗਦਾ ਹੈ ਕਿ ਉਸ ਦੇ ਮਾਪਿਆਂ ਦੀ ਆਪਣੀ ਵੱਖਰੀ
ਦੁਨੀਆਂ ਹੈ ਜਿਸ ਵਿਚ ਉਹ ਪ੍ਰਵੇਸ਼ ਨਹੀਂ ਪਾ ਸਕਦੀ। ਜਦੋਂ ਸ਼ਿਲਪਾ ਦੀ ਸਹੇਲੀ ਰਾਧਾ ਉਸ ਨੂੰ ਮਿਲਣ ਆਉਂਦੀ ਹੈ ਤਾਂ ਪੁਰਾਣੀਆਂ
ਗੱਲਾਂ ਯਾਦ ਕਰਦੇ ਹੋਏ ਉਹ ਯਾਦਾਂ ਵਿਚ ਗੁਆਚ ਜਾਂਦੇ ਹਨ, ਅਜਿਹੇ ਭਾਵੁਕ ਸਮਿਆਂ ਵਿਚ ਅੰਗਰੇਜ਼ੀ ਪਾਸੇ ਹੋ ਜਾਂਦੀ ਹੈ ਆਪਣੀ
ਬੋਲੀ ਪ੍ਰਮੁੱਖਤਾ ਹਾਸਲ ਕਰ ਜਾਂਦੀ ਹੈ, ਪਰ ਡਿੰਪਲ ਇਸ ਬੋਲੀ ਨੂੰ ਸਮਝਣ ਤੋਂ ਅਸਮਰਥ ਹੋਣ ਕਾਰਨ ਉਨ੍ਹਾਂ ਤੋਂ ਅਲੱਗ ਰਹਿ ਗਈ
ਮਹਿਸੂਸ ਕਰਦੀ ਹੈ।
ਇਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਜਿਥੇ ਪਹਿਲੀ ਪੀੜ੍ਹੀ ਅੰਗਰੇਜ਼ੀ ਵਿਚ ਮੁਹਾਰਤ ਦੀ ਘਾਟ ਕਾਰਨ ਪੱਛਮੀ ਸਮਾਜ ਵਿਚ
ਝਿਜਕ ਅਤੇ ਇਕੱਲਾਪਣ ਮਹਿਸੂਸ ਕਰਦੀ ਹੈ ਉਥੇ ਹੀ ਦੂਸਰੀ ਪੀੜ੍ਹੀ ਦੇ ਸਬੰਧ ਵਿਚ ਇਹ ਰਿਸ਼ਤਾ ਉਲਟ ਜਾਂਦਾ ਹੈ। ਉਨ੍ਹਾਂ ਲਈ
ਘਰ ਤੋਂ ਬਾਹਰ ਦਾ ਪੱਛਮੀ ਸਮਾਜ ਤਾਂ ਆਪਣਾ ਸਮਾਜ ਜਾਪਦਾ ਹੈ ਜਿਸ ਦੀ ਭਾਸ਼ਾ ਅਤੇ ਆਚਾਰ ਵਿਵਹਾਰ ਨੂੰ ਉਹ ਸਮਝ ਸਕਦੇ
ਹਨ ਅਤੇ ਅਪਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਪ੍ਰੰਤੂ ਘਰ ਦੇ ਅੰਦਰ ਆਕੇ ਉਨ੍ਹਾਂ ਨੂੰ ਸਮਝ ਨਹੀਂ ਲਗਦਾ ਕਿ ਉਹ ਕੀ ਕਰਨ,
ਕਿਉਂਕਿ ਉਨ੍ਹਾਂ ਦੇ ਮਾਪੇ ਜਿਸ ਰੂਪ ਵਿਚ ਭਾਰਤ ਨਾਲ ਜੁੜੇ ਹੋਏ ਹਨ, ਉਸ ਤੱਕ ਉਨ੍ਹਾਂ ਦੀ ਪਹੁੰਚ ਹੋ ਸਕਣੀ ਸੰਭਵ ਨਹੀਂ ਹੈ। ਡਿੰਪਲ
ਦੇ ਆਪਣੇ ਦਾਦਾ ਜੀ ਨਾਲ ਸਬੰਧਾਂ ਵਿਚ ਵੀ ਭਾਸ਼ਾ ਵੱਡੀ ਰੁਕਾਵਟ ਬਣਦੀ ਹੈ। ਜਦੋਂ ਡਿੰਪਲ ਇੰਡੀਆ ਜਾਂਦੀ ਹੈ ਤਾਂ ਉਸਨੂੰ ਜਾਪਦਾ
ਹੈ ਕਿ ਕੇਵਲ ਉਸਦਾ ਦਾਦਾ ਹੀ ਉਸਦੀਆਂ ਭਾਵਨਾਵਾਂ ਨੂੰ ਸਮਝਣ ਦੇ ਸਮਰਥ ਹੈ, ਪਰ ਇਸ ਦੂਸਰੇ ਦੀ ਭਾਸ਼ਾ ਨਾ ਸਮਝ ਸਕਣ
ਕਾਰਨ ਉਸ ਦੁੱਖ ਮਹਿਸੂਸ ਕਰਦੇ ਹਨ। ਡਿੰਪਲ ਦਾ ਦਾਦਾ ਉਸਦੇ ਮਾਤਾ ਪਿਤਾ ਨੂੰ ਗਾਲ੍ਹਾਂ ਕੱਢਦਾ ਹੈ ਜਿਨ੍ਹਾਂ ਦੀ ਆਪਣੀ ਬੋਲੀ ਪ੍ਰਤੀ
ਅਣਗਹਿਲੀ ਵਾਲੇ ਵਤੀਰੇ ਕਾਰਨ ਉਹ ਆਪਣੀ ਪੋਤਰੀ ਨਾਲ ਗੱਲਬਾਤ ਕਰ ਸਕਣ ਤੋਂ ਵੀ ਵਾਂਝਾ ਰਹਿ ਗਿਆ ਸੀ।
ਕੁਝ ਅਜਿਹਾ ਹੀ ਵਰਤਾਰਾ ਕੰਜਕਾਂ ਨਾਵਲ ਦੇ ਸਤਨਾਮ ਨਾਲ ਵਾਪਰਦਾ ਹੈ। ਪੰਜਾਬੀ ਮਾਪਿਆਂ ਦੀ ਇੰਗਲੈਂਡ ਵਿਚ ਜੰਮੀ ਪਲੀ ਧੀ
ਬਲਬੀਰ ਉਰਫ ਬੈਰਲ ਦਾ ਵਿਆਹ ਜਦੋਂ ਪੰਜਾਬ ਤੋਂ ਹੁਣੇ ਹੀ ਆਏ ਲੜਕੇ ਸਤਨਾਮ ਨਾਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਵਿਆਹ
ਕੁਝ ਸਮੇਂ ਵਿਚ ਹੀ ਟੁੱਟ ਜਾਂਦਾ ਹੈ। ਸਤਨਾਮ ਪੰਜਾਬ ਦਾ ਪੜ੍ਹਿਆ ਹੋਇਆ ਹੈ ਅਤੇ ਅੰਗਰੇਜ਼ੀ ਵਿਚ ਉਸਦਾ ਹੱਥ ਤੰਗ ਹੈ। ਦੂਸਰੇ
ਪਾਸੇ ਇੰਗਲੈਂਡ ਦੀ ਜੰਮਪਲ ਬੈਰਲ ਅੰਗਰੇਜ਼ਾਂ ਵਾਲੇ ਲਹਿਜੇ ਵਿਚ ਹੀ ਅੰਗਰੇਜ਼ੀ ਬੋਲਦੀ ਹੈ ਜਿਸਨੂੰ ਸਮਝ ਸਕਣ ਤੋਂ ਸਤਨਾਮ
ਅਸਮਰਥ ਹੈ। ਜਦੋਂ ਬੈਰਲ ਆਪਣੇ ਦੋਸਤਾਂ ਨਾਲ ਗੱਲ ਕਰ ਰਹੀ ਹੁੰਦੀ ਹੈ ਤਾਂ ਸਤਨਾਮ ਨੂੰ ਉਸਦਾ ਕੁਝ ਵੀ ਸਮਝ ਨਹੀਂ ਆਉਂਦਾ ਤੇ
ਉਹ ਸਭ ਤੋਂ ਅਲੱਗ-ਥਲੱਗ ਰਹਿ ਗਿਆ ਮਹਿਸੂਸ ਕਰਦਾ ਹੈ। ਕੁਝ ਹੀ ਮਹੀਨਿਆਂ ਵਿਚ ਬੈਰਲ ਆਪਣੇ ਵਿਆਹ ਦੇ
ਮੈਟੀਰੀਅਲਾਈਜ਼ ਨਾ ਹੋਣ ਬਾਰੇ ਹੋਮ ਆਫਿਸ ਨੂੰ ਲਿਖ ਦਿੰਦੀ ਹੈ ਅਤੇ ਹੋਮ ਆਫਿਸ ਸਤਨਾਮ ਨੂੰ ਵਾਪਸ ਜਾਣ ਦੇ ਆਦੇਸ਼ ਜਾਰੀ ਕਰ
ਦਿੰਦਾ ਹੈ। ਭਾਸ਼ਾ ਨਾ ਆਉਣ ਕਾਰਨ ਸਤਨਾਮ ਬੈਰਲ ਦੇ ਸਮਾਜਿਕ ਘੇਰੇ ਦਾ ਹਿੱਸਾ ਬਣ ਸਕਣ ਤੋਂ ਅਸਮਰਥ ਹੋ ਜਾਂਦਾ ਹੈ।
ਇਸ ਰਚਨਾ ਵਿਚ ਇਕ ਪਾਸੇ ਅੰਗਰੇਜ਼ੀ ਭਾਸ਼ਾ ਪੰਜਾਬ ਤੋਂ ਆਏ ਹੋਏ ਪ੍ਰਵਾਸੀਆਂ ਲਈ ਪੱਛਮੀ ਸਮਾਜ ਵਿਚ ਆਪਣੀ ਪਛਾਣ ਸਿਰਜ
ਸਕਣ ਵਿਚ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ, ਉਥੇ ਹੀ ਦੂਸਰੀ ਪੀੜ੍ਹੀ ਦੀ ਪੰਜਾਬੀ ਤੋਂ ਅਣਜਾਣਤਾ ਉਨ੍ਹਾਂ ਨੂੰ ਆਪਣੇ ਵਿਰਸੇ, ਆਪਣੇ
ਮੂਲ ਨਾਲ ਜੁੜਨ ਤੋਂ ਅਸਮਰਥ ਕਰ ਦਿੰਦੀ ਹੈ।
ਭਾਸ਼ਾਈ ਪਛਾਣ ਦਾ ਭਾਵਨਾਤਮਕ ਪੱਖ
ਮਨੁੱਖੀ ਜ਼ਜਬਿਆਂ ਦੀ ਤਰਜਮਾਨੀ ਕਰਨ ਲਈ ਸਭ ਤੋਂ ਯੋਗ ਸਾਧਨ ਭਾਸ਼ਾ ਹੀ ਹੈ। ਸੂਚਨਾ ਦੇ ਆਦਾਨ-ਪ੍ਰਦਾਨ ਸਮੇਂ ਤਾਂ ਭਾਸ਼ਾਈ
ਵਖਰੇਵੇਂ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਪੰ੍ਰਤੂ ਭਾਵਨਾਵਾਂ ਦੇ ਸੰਚਾਰ ਸਮੇਂ ਬੋਲੀਆਂ ਦਾ ਵਖਰੇਵਾਂ ਵੱਡੀ ਰੁਕਾਵਟ ਬਣ ਜਾਂਦਾ ਹੈ। ਹਰ
ਭਾਸ਼ਾ ਦਾ ਆਪਣਾ ਸੰਚਾਰ ਪ੍ਰਬੰਧ ਹੁੰਦਾ ਹੈ ਜਿਸ ਅਧੀਨ ਹਰ ਉਚਾਰ ਵਿਚ ਕੋਸ਼ਗਤ ਅਰਥਾਂ ਤੋਂ ਅੱਗੇ ਸਮਾਜਿਕ, ਸੱਭਿਆਚਾਰਕ
ਅਰਥ ਭਰੇ ਪਏ ਹੁੰਦੇ ਹਨ। ਪ੍ਰਵਾਸ ਦੌਰਾਨ ਭਾਸ਼ਾਵਾਂ ਦੇ ਵਖਰੇਵੇਂ ਕਾਰਨ ਕੋਸ਼ਗਤ ਅਰਥਾਂ ਤੋਂ ਅਗਾਂਹ ਜਾ ਕੇ ਰਚਨਾਤਮਕ ਸੰਵਾਦ
ਰਚਾ ਸਕਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਭਾਸ਼ਾ ਵਿਚ ਵਿਅਕਤੀ ਸਹਿਜ ਨਹੀਂ ਹੁੰਦਾ, ਉਸ ਰਾਹੀਂ ਉਸ ਦੀ ਸਖਸ਼ੀਅਤ ਵੀ ਨਿੱਖਰ
ਕੇ ਸਾਹਮਣੇ ਨਹੀਂ ਆਉਂਦੀ। ਪ੍ਰਵਾਸੀ ਜੀਵਨ ਵਿਚ ਅਕਸਰ ਹੀ ਅਜਿਹਾ ਵਾਪਰਦਾ ਹੈ ਕਿ ਰੋਜ਼-ਮਰ੍ਹਾ ਦੀਆਂ ਜਰੂਰਤਾਂ ਪੂਰੀਆਂ
ਕਰਨ ਲਈ ਪ੍ਰਵਾਸੀ ਵਿਅਕਤੀ ਅੰਗਰੇਜ਼ੀ ਭਾਸ਼ਾ ਤਾਂ ਸਿੱਖ ਲੈਂਦਾ ਹੈ ਪਰ ਉਸ ਨਾਲ ਮਾਨਸਿਕ ਤੌਰ ਤੇ ਜੁੜ ਨਹੀਂ ਪਾਉਂਦਾ। ਪ੍ਰਵਾਸ
ਦੀ ਭਾਸ਼ਾ ਉਸ ਲਈ ਪਰਾਏ ਵਿਅਕਤੀਆਂ ਦੀ ਭਾਸ਼ਾ ਹੀ ਰਹਿੰਦੀ ਹੈ।
ਭਾਸ਼ਾ ਨਾਲ ਜੁੜੀਆਂ ਭਾਵਨਾਵਾਂ ਕਾਰਨ ਹੀ ਵਿਅਕਤੀ ਆਪਣੀ ਭਾਸ਼ਾ ਵਾਲੇ ਵਿਅਕਤੀ ਨਾਲ ਪਛਾਣ ਦੀ ਸਾਂਝ ਮਹਿਸੂਸ ਕਰਦਾ ਹੈ ਤੇ
ਦੂਸਰੀ ਭਾਸ਼ਾ ਬੋਲਣ ਵਾਲੇ ਵਿਅਕਤੀ ਉਸਨੂੰ ਪਰਾਏ ਜਾਪਦੇ ਹਨ। ਇਸੇ ਭਾਵਨਾ ਦਾ ਪ੍ਰਭਾਵ ਸਵਰਨ ਚੰਦਨ ਦੇ ਨਾਵਲ ਕੰਜਕਾਂ ਵਿਚ
ਦੇਖਿਆ ਜਾ ਸਕਦਾ ਹੈ। ਇਸ ਰਚਨਾ ਵਿਚਲੇ ਅਨੂ ਵਰਗੇ ਪਾਤਰ ਜੋ ਲੇਖਕ ਦੀ ਸੋਚ ਅਨੁਸਾਰ ਪੰਜਾਬੀ ਪਛਾਣ ਤੋਂ ਭਟਕ ਚੁੱਕੇ ਹਨ,
ਉਨ੍ਹਾਂ ਦੀ ਗੱਲਬਾਤ ਦੀ ਪੇਸ਼ਕਾਰੀ ਲਈ ਗੁਰਮੁਖੀ ਵਿਚ ਲਿਖੀ ਅੰਗਰੇਜ਼ੀ ਦੀ ਵਰਤੋਂ ਕੀਤੀ ਗਈ ਹੈ ਜਦੋਂ ਕਿ ਗੁਰਬੰਤ ਅਤੇ ਫਿਲਿਪ
ਵਰਗੇ ਪਾਤਰ ਜੋ ਆਪਣੇ ਸੱਭਿਆਚਾਰ ਪ੍ਰਤੀ ਚੇਤੰਨ ਹਨ, ਉਨ੍ਹਾਂ ਦੀ ਗੱਲਬਾਤ ਪੰਜਾਬੀ ਵਿਚ ਦਿੱਤੀ ਗਈ ਹੈ, ਹਾਲਾਂਕਿ ਫਿਲਿਪ
ਆਇਰਲੈਂਡ ਨਾਲ ਸਬੰਧ ਰੱਖਦਾ ਹੈ।
ਸਪੱਸ਼ਟ ਹੈ ਕਿ ਪ੍ਰਵਾਸੀ ਜੀਵਨ ਵਿਚ ਭਾਸ਼ਾ ਦਾ ਪ੍ਰਭਾਵ ਵੱਖ-ਵੱਖ ਤਰ੍ਹਾਂ ਨਾਲ ਪੈਂਦਾ ਹੈ। ਪ੍ਰਵਾਸੀ ਜੀਵਨ ਦੇ ਮੁਢਲੇ ਸਮੇਂ ਵਿਚ ਪ੍ਰਦੇਸ
ਦੀ ਭਾਸ਼ਾ ਉਪਰ ਪਕੜ ਨਾ ਹੋਣ ਕਾਰਨ ਸੰਚਾਰ ਦੀ ਸਮੱਸਿਆ ਆਉਂਦੀ ਹੈ। ਸਮਾਂ ਬੀਤਣ ਨਾਲ ਪ੍ਰਵਾਸੀ ਲੋੜ ਜੋਗੀ ਭਾਸ਼ਾ ਸਿੱਖ
ਲੈਂਦਾ ਹੈ ਪਰ ਨਾਲ ਹੀ ਆਪਣੀ ਮਾਂ ਬੋਲੀ ਪ੍ਰਤੀ ਉਸਦੇ ਮਨ ਵਿਚ ਚਾਹਤ ਬਣੀ ਰਹਿੰਦੀ ਹੈ। ਪ੍ਰਵਾਸੀ ਦੀ ਅਗਲੀ ਪੀੜ੍ਹੀ ਦੀ ਭਾਸ਼ਾ
ਪ੍ਰਦੇਸ ਦੀ ਭਾਸ਼ਾ ਹੀ ਹੁੰਦੀ ਹੈ ਅਤੇ ਉਸੇ ਵਿਚ ਉਹ ਸਹਿਜ ਮਹਿਸੂਸ ਕਰਦਾ ਹੈ ਪਰ ਜਦੋਂ ਕਦੇ ਇਹ ਪੀੜ੍ਹੀ ਪਹਿਲੀ ਪੀੜ੍ਹੀ ਨਾਲ
ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮਾਪਿਆਂ ਦੀ ਭਾਸ਼ਾ ਉਪਰ ਉਸਦੀ ਪਕੜ ਨਾ ਹੋਣ ਕਾਰਨ ਇਕ ਵਾਰ ਫੇਰ ਭਾਸ਼ਾਈ
ਰੁਕਾਵਟ ਪੈਦਾ ਹੋ ਜਾਂਦੀ ਹੈ।
ਮਨੁੱਖੀ ਪਛਾਣ ਅਤੇ ਆਪਸੀ ਸੰਵਾਦ ਲਈ ਭਾਸ਼ਾ ਦੇ ਇਸ ਮਹੱਤਵ ਕਾਰਨ ਇਸਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਸ
ਸਮੱਸਿਆ ਤੇ ਕਾਬੂ ਪਾਉਣ ਲਈ ਪੰਜਾਬੀ ਅਤੇ ਅੰਗਰੇਜ਼ੀ ਨਾਵਲਾਂ ਵਿਚ ਭਾਸ਼ਾਈ ਸਮੱਸਿਆ ਦਾ ਹੱਲ ਵੱਖੋ-ਵੱਖਰੇ ਤਰੀਕੇ ਨਾਲ ਕੀਤਾ
ਸਾਹਮਣੇ ਆਉਂਦਾ ਹੈ। ਪੰਜਾਬੀ ਨਾਵਲਾਂ ਵਿਚ ਅੰਗਰੇਜ਼ੀ ਸਿੱਖਣ ਦੀ ਲੋੜ ਉਪਰ ਜ਼ੋਰ ਦਿੱਤਾ ਗਿਆ ਹੈ। ਕੰਜਕਾਂ ਵਿਚਲੇ ਪਾਤਰ
ਅੰਗਰੇਜ਼ੀ ਸਿੱਖਦੇ ਹਨ ਅਤੇ ਅੰਗਰੇਜ਼ੀ ਵਿੱਦਿਆ ਹਾਸਲ ਕਰਦੇ ਹਨ। ਇਸਦੇ ਉਲਟ ਅੰਗਰੇਜ਼ੀ ਨਾਵਲ ਬੌਰਨ ਕਨਫਿਊਜਡ ਵਿਚਲੇ
ਪਾਤਰ ਅੰਗਰੇਜ਼ੀ ਤਾਂ ਜਾਣਦੇ ਹਨ ਅਤੇ ਕਿਤੇ ਕਿਤੇ ਆਪਣੇ ਮਾਪਿਆਂ ਦੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਇਸਦੇ ਨਾਲ
ਹੀ ਭਾਸ਼ਾਈ ਸੰਚਾਰ ਦੀ ਥਾਂ ਸੰਗੀਤ ਜਾਂ ਫੋਟੋਗ੍ਰਾਫੀ ਆਦਿ ਨੂੰ ਹੀ ਆਪਸੀ ਸੰਚਾਰ ਦੇ ਸਾਧਨ ਵਜੋਂ ਵੀ ਪੇਸ਼ ਕਰਦੇ ਹਨ।
ਬੌਰਨ ਕਨਫਿਊਜਡ ਨਾਵਲ ਦੀ ਡਿੰਪਲ ਭਾਰਤ ਰਹਿੰਦੇ ਆਪਣੇ ਦਾਦਾ ਜੀ ਦੀ ਭਾਸ਼ਾ ਸਮਝਣ ਤੋਂ ਅਸਮਰਥ ਹੈ। ਉਹ ਆਪਣੇ ਦਾਦਾ
ਜੀ ਨੂੰ ਫੋਟੋਆਂ ਖਿੱਚ ਕੇ ਭੇਜਦੀ ਰਹਿੰਦੀ ਹੈ ਅਤੇ ਮੋੜਵੇਂ ਰੂਪ ਵਿਚ ਉਹ ਵੀ ਸਕੈਚਾਂ ਰਾਹੀਂ ਜਾਂ ਫੋਟੋਆਂ ਉਪਰ ਆਪਣੇ ਵਿਚਾਰਾਂ ਰਾਹੀਂ
ਉਸ ਨਾਲ ਸੰਪਰਕ ਬਣਾਈ ਰੱਖਦੇ ਹਨ। ਫੋਟੋਗ੍ਰਾਫੀ ਦੇ ਨਾਲ ਹੀ ਸੰਗੀਤ ਵੀ ਭਾਸ਼ਾਈ ਹੱਦਾਂ ਤੋਂ ਪਾਰ ਜਾਣ ਦੀ ਸਮਰੱਥਾ ਰੱਖਦਾ ਹੈ।
ਡਿੰਪਲ ਦਾ ਦੋਸਤ ਕਰਸ਼ ਡੀ ਜੇ ਦਾ ਕੰਮ ਕਰਦਾ ਹੈ ਅਤੇ ਵੱਖ-ਵੱਖ ਸੰਗੀਤਕ ਤਜ਼ਰਬਿਆਂ ਨਾਲ ਭਾਰਤੀਆਂ ਤੋਂ ਬਿਨ੍ਹਾਂ ਹੋਰ ਏਸ਼ੀਅਨਾਂ
ਅਤੇ ਗੋਰਿਆਂ ਨੂੰ ਵੀ ਆਪਣੇ ਨਾਲ ਜੋੜਨ ਵਿਚ ਸਫਲ ਹੁੰਦਾ ਹੈ। ਸੰਗੀਤ ਨਾਲ ਇਕਸੁਰ ਹੋਇਆ ਵਿਅਕਤੀ ਆਪਣੇ ਆਲੇ-ਦੁਆਲੇ
ਨਾਲ ਵੀ ਇਕਸੁਰਤਾ ਪ੍ਰਾਪਤ ਕਰਨ ਵੱਲ ਤੁਰ ਪੈਂਦਾ ਹੈ। ਇਸ ਤਰ੍ਹਾਂ ਅੰਗਰੇਜ਼ੀ ਪ੍ਰਵਾਸੀ ਸਾਹਿਤ ਵਿਚ ਸੰਗੀਤ ਮਨੁੱਖੀ ਵਲਗਣਾਂ ਦੇ
ਟੁੱਟਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰਵਾਸੀ ਸਪੇਸ ਵਿਚ ਇਕ ਦੂਸਰੇ ਤੋਂ ਵੱਖਰੇ ਸੱਭਿਆਚਾਰਾਂ ਦੇ ਆਪਸੀ ਸੰਪਰਕ
ਵਿਚੋਂ ਸੰਚਾਰ ਦੀਆਂ ਨਵੀਆਂ ਸੰਭਾਵਨਾਵਾਂ ਉਪਜ ਰਹੀਆਂ ਹਨ। ਦੂਸਰੀ ਪੀੜ੍ਹੀ ਜਿਸ ਲਈ ਪ੍ਰਦੇਸ ਹੀ ਉਸਦਾ ਪਹਿਲਾ ਘਰ ਹੈ,
ਆਪਣੇ ਪਿਛੋਕੜ ਨਾਲ ਸਾਂਝ ਬਣਾਈ ਰੱਖਣ ਲਈ ਉਥੋਂ ਦੀ ਭਾਸ਼ਾ ਸਿੱਖਣ ਵਿਚ ਵੀ ਰੁਚੀ ਲੈ ਰਹੀ ਹੈ ਅਤੇ ਭਾਸ਼ਾ ਤੋਂ ਅੱਗੇ ਸੰਚਾਰ ਦੇ
ਹੋਰ ਢੰਗ ਤਰੀਕੇ ਵੀ ਖੋਜ ਰਹੀ ਹੈ।
ਉਪਰੋਕਤ ਚਰਚਾ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਜ਼ਿਆਦਾ ਵਧੀਆ ਨਹੀਂ ਹੈ ਅਤੇ ਦੂਸਰੀ ਪੀੜ੍ਹੀ ਦੀ ਮੂਲ
ਭਾਸ਼ਾ ਅੰਗਰੇਜ਼ੀ ਹੀ ਬਣਨੀ ਹੈ। ਪਰ ਇਹ ਮਸਲਾ ਇਨ੍ਹਾਂ ਸਿੱਧਾ ਨਹੀਂ ਹੈ। ਕਈ ਅਜਿਹੇ ਕਾਰਨ ਹਨ ਜਿਨ੍ਹਾਂ ਤੋਂ ਜਾਪਦਾ ਹੈ ਕਿ
ਪੰਜਾਬੀ ਦਾ ਭਵਿੱਖ ਉਜਵਲ ਹੈ।
ਪਹਿਲਾ ਨੁਕਤਾ ਇਹ ਹੈ ਕਿ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਦਾ ਭਵਿੱਖ ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਤੇ ਟਿਕਿਆ ਹੋਇਆ ਹੈ ਅਤੇ
ਨੇੜ ਭਵਿੱਖ ਵਿਚ ਇਹਨਾਂ ਦੀ ਗਿਣਤੀ ਵਿਚ ਕਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਅਮਰੀਕਾ, ਕੈਨੇਡਾ ਵਰਗੇ ਵਿਕਸਤ ਦੇਸ਼ਾਂ
ਵਿਚ ਮੂਲ ਵਸੋਂ ਦੀ ਜਨਮ ਦਰ ਸਥਿਰ ਹੁੰਦੀ ਜਾ ਰਹੀ ਹੈ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਇਹਨਾਂ ਸਮੱਸਿਆਵਾਂ ਦੇ
ਹੱਲ ਲਈ ਅਤੇ ਆਰਥਿਕ ਵਾਧੇ ਦੀ ਦਰ ਬਣਾਈ ਰੱਖਣ ਲਈ ਬਾਹਰੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਦੀ ਜਰੂਰਤ ਹੈ ਅਤੇ ਨੇੜ
ਭਵਿੱਖ ਵਿਚ ਰਹੇਗੀ। ਇਸਦੇ ਨਾਲ ਹੀ ਵਿਕਸਤ ਦੇਸ਼ਾਂ ਅਤੇ ਭਾਰਤ ਵਿਚਲੇ ਜੀਵਨ ਪੱਧਰ ਵਿਚਲਾ ਵੱਡਾ ਪਾੜਾ ਪ੍ਰਵਾਸ ਨੂੰ ਉਤਸ਼ਾਹਤ
ਕਰਦਾ ਰਹੇਗਾ।
ਦੂਸਰਾ ਨੁਕਤਾ ਇਹ ਹੈ ਕਿ ਦੂਸਰੀ ਪੀੜ੍ਹੀ ਜਾਂ ਤੀਸਰੀ ਪੀੜ੍ਹੀ ਦੇ ਪ੍ਰਵਾਸੀਆਂ ਦੀ ਵੀ ਮਹਿਮਾਨ ਸਮਾਜ ਵਿਚ ਪੂਰੀ ਤਰ੍ਹਾਂ ਰਲ ਸਕਣ
ਦੀ ਹਾਲੇ ਤੱਕ ਕੋਈ ਉਦਾਹਰਨ ਨਹੀਂ ਮਿਲਦੀ। ਮਹਿਮਾਨ ਸਮਾਜ ਦੀ ਇਹ ਇੱਛਾ ਹੁੰਦੀ ਹੈ ਕਿ ਬਾਹਰੋਂ ਆਏ ਪ੍ਰਵਾਸੀ ਉਨ੍ਹਾਂ
ਅਨੁਸਾਰ ਢਲ ਜਾਣ ਪਰ ਇਕ ਖਾਸ ਹੱਦ ਤੋਂ ਅੱਗੇ ਉਹ ਪ੍ਰਵਾਸੀਆਂ ਨੂੰ ਆਪਣੇ ਜ਼ਜਬ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਸਮੇਂ
ਸਮੇਂ ਤੇ ਉਨ੍ਹਾਂ ਨੂੰ ਅਹਿਸਾਸ ਕਰਵਾਉਂਦਾ ਰਹਿੰਦਾ ਹੈ ਕਿ ਉਹ ਬਾਹਰੋਂ ਆਏ ਹੋਏ ਹਨ। ਅਜਿਹੇ ਸਮੇਂ ਪ੍ਰਵਾਸੀਆਂ ਦੀ ਵੀ ਮਜ਼ਬੂਰੀ
ਬਣ ਜਾਂਦੀ ਹੈ ਕਿ ਉਹ ਆਪਣੇ ਮੂਲ ਨਾਲ ਜੁੜਦੀਆਂ ਅਜਿਹੀਆਂ ਤੰਦਾਂ ਦੀ ਭਾਲ ਕਰਨ ਜਿਨ੍ਹਾਂ ਦੇ ਸਹਾਰੇ ਉਹ ਆਪਣੀ ਮਜ਼ਬੂਤ
ਪਹਿਚਾਣ ਬਣਾਈ ਰੱਖ ਸਕਣ ਜਾਂ ਦੇਸ਼ ਵਿਚੋਂ ਸਹਾਇਤਾ ਪ੍ਰਾਪਤ ਕਰ ਸਕਣ। ਸੋ ਚਾਹੇ ਮਜ਼ਬੂਰੀ ਵਿਚ ਹੀ ਸਹੀ, ਪਰ ਪ੍ਰਵਾਸੀ ਲਈ
ਆਪਣੇ ਮੂਲ ਸਮਾਜ ਰਾਬਤਾ ਬਣਾਈ ਰੱਖਣਾ ਜਰੂਰੀ ਹੋ ਜਾਂਦਾ ਹੈ ਤੇ ਇਸੇ ਰਾਬਤੇ ਵਿਚੋਂ ਹੀ ਭਾਸ਼ਾ ਤੇ ਸੱਭਿਆਚਾਰ ਦੇ ਨਵੇਂ ਪਸਾਰ
ਸਾਹਮਣੇ ਆਉਂਦੇ ਹਨ।
ਤੀਸਰਾ ਨੁਕਤਾ ਇਹ ਹੈ ਕਿ ਪੰਜਾਬੀਆਂ ਦੇ ਲਗਾਤਾਰ ਪ੍ਰਵਾਸ ਦੇ ਨਾਲ ਹੀ ਪਿਛਲੇ ਇਕ ਦਹਾਕੇ ਵਿਚ ਸੰਚਾਰ ਦੇ ਨਵੇਂ ਸਾਧਨਾਂ ਤੱਕ
ਪੰਜਾਬੀਆਂ ਅਤੇ ਪੰਜਾਬੀ ਪ੍ਰਵਾਸੀਆਂ, ਦੋਹਾਂ ਦੀ ਪਹੁੰਚ ਹੋਈ ਹੈ।
ਟੈਲੀਫੋਨ, ਈ-ਮੇਲ, ਇੰਟਰਨੈੱਟ, ਫੋਟੋ ਸ਼ੇਅਰਿੰਗ (ਤਸਵੀਰਾਂ ਦਾ ਆਦਾਨ ਪ੍ਰਦਾਨ), ਅਤੇ ਵੀਡੀਓ-ਕਾਲਿੰਗ ਆਦਿ ਦੀਆਂ ਸਹੂਲਤਾਂ
ਨਾਲ ਪ੍ਰਵਾਸੀਆਂ ਦਾ ਦੇਸ਼ ਵਾਸੀਆਂ ਨਾਲ ਰਾਬਤਾ ਬਹੁਤ ਵਧ ਗਿਆ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਇਹ ਹੈ ਕਿ ਪਹਿਲਾਂ ਜਿਥੇ
ਪੰਜਾਬੀ ਬਾਹਰ ਜਾ ਕੇ ਪੰਜਾਬੀ ਬੰਦੇ ਨੂੰ ਮਿਲਣ ਤੇ ਪੰਜਾਬੀ ਬੋਲਣ ਨੂੰ ਹੀ ਤਰਸ ਜਾਂਦੇ ਸਨ, ਉਥੇ ਹੁਣ ਮਾਤ ਭੂਮੀ ਨਾਲ ਨਿਰੰਤਰ
ਸੰਵਾਦ ਚਲਦੇ ਰਹਿਣ ਕਾਰਨ ਘੱਟੋ ਘੱਟ ਬੋਲਚਾਲ ਦੀ ਪੱਧਰ ਤੇ ਭਾਸ਼ਾ ਦੀ ਵਰਤੋਂ ਪੂਰੀ ਤਰ੍ਹਾਂ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ ਪੰਜਾਬੀ
ਮੀਡੀਆ ਵੀ ਟੀ ਵੀ ਅਤੇ ਫਿਲਮਾਂ ਦੇ ਰੂਫ ਵਿਚ ਸੰਸਾਰ ਦੇ ਲਗਭਗ ਸਾਰੇ ਉਨ੍ਹਾਂ ਦੇ ਖੇਤਰਾਂ ਵਿਚ ਪਹੁੰਚ ਰਿਹਾ ਹੈ ਜਿਥੇ ਪੰਜਾਬੀ ਰਹਿ
ਰਹੇ ਹਨ। ਸੋ ਨਵੇਂ ਸੰਚਾਰ ਸਾਧਨ ਜਿਥੇ ਇਕ ਪਾਸੇ ਪੱਛਮੀ ਢੰਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਸੋ ਨਵੇਂ ਸੰਚਾਰ
ਸਾਧਨ ਜਿਥੇ ਇਕ ਪਾਸੇ ਪੱਛਮੀ ਢੰਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ, ਉਥੇ ਹੀ ਸਾਡੇ ਲਈ ਵੀ ਇਕ ਮੌਕਾ ਹੈ ਕਿ
ਇਸ ਦੀ ਯੋਗ ਵਰਤੋਂ ਕਰਦੇ ਹੋਏ ਆਪਣੀਆਂ ਜਰੂਰਤਾਂ ਅਨੁਸਾਰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਇਸਦੀ ਵਰਤੋਂ
ਕਰ ਸਕਦੇ ਹਾਂ।
ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਸਮੁੱਚੇ ਸੰਸਾਰ ਵਿਚ ਫੈਲਾਅ ਅਤੇ ਵਿਕਾਸ ਦੀਆਂ
ਬਹੁਤ ਸੰਭਾਵਨਾਵਾਂ ਪਈਆਂ ਹੋਈਆਂ ਹਨ। ਜੇਕਰ ਪੰਜਾਬੀ ਚੇਤਨ ਹੋ ਕੇ ਭਵਿੱਖੀ ਲੋੜਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਆਪਣੀ ਭਾਸ਼ਾ
ਅਤੇ ਸੱਭਿਆਚਾਰ ਦੀ ਸੰਭਾਲ ਲਈ ਸਰਗਰਮ ਹੋ ਜਾਂਦੇ ਹਨ ਅਤੇ ਨਿੱਤ ਦਿਨ ਬਦਲ ਰਹੇ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ
ਤਕਨੀਕੀ ਹਾਲਾਤ ਨੂੰ ਆਪਣੀ ਲੋੜ ਅਨੁਸਾਰ ਵਰਤਣ ਵਿਚ ਸਫਲ ਹੋ ਜਾਂਦੇ ਹਨ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ
ਸੱਭਿਆਚਾਰ ਦੀ ਉਮਰ ਬਹੁਤ ਲੰਮੀ ਹੋਵੇਗੀ।

No comments:

Post a Comment