Wednesday, September 19, 2012

ਇਕ ਗੁਲਾਮ ਲੜਕੀ ਦੇ ਜੀਵਨ ਦੀਆਂ ਘਟਨਾਵਾਂ - ਪ੍ਰੋ. ਹਰਭਜਨ ਸਿੰਘ , ਕੈਲੇਫੋਰਨੀਆ

ਗੁਲਾਮਾਂ ਨਾਲ ਹੋਣ ਵਾਲੇ ਹਰ ਕਿਸਮ ਦੇ ਧੱਕੇ ਤੇ ਵਹਿਸ਼ੀਆਨਾ ਵਿਹਾਰ ਅਤੇ ਹਰ
ਪ੍ਰਕਾਰ ਦੇ ਸ਼ੋਸ਼ਣ, ਦਮਨ ਤੇ ਅੱਤਿਆਚਾਰ ਦਾ ਵੀ ਉਹ ਇਸ ਪ੍ਰਕਾਰ ਦਾ ਦ੍ਰਿਸ਼ਮੂਲਕ ਬਿਰਤਾਂਤ
ਪੇਸ਼ ਕਰਦੀ ਹੈ ਕਿ ਗੁਲਾਮ ਪ੍ਰਥਾ ਤੋਂ ਵੱਡੀ ਕੋਈ ਹੋਰ ਲਾਹਨਤ ਨਹੀਂ ਹੋ ਸਕਦੀ।
ਇਸ ਸਵੈ-ਜੀਵਨੀ ਵਿਚ ਜੈਕੋਬਜ਼ ਦੇ ਮਾਲਕ ਦਾ ਨਾਂ ਡਾਕਟਰ ਫਲਿੰਟ ਦੱਸਿਆ ਗਿਆ ਹੈ
ਅਤੇ ਉਸਦੀ ਪਤਨੀ ਮਿਸਿਜ਼ ਫਲਿੰਟ ਅਤੇ ਦੋਵੇਂ ਚਰਚ ਦੇ ਸ਼ਰਧਾਲੂ ਹੋਣ ਦੇ ਬਾਵਜੂਦ ਹੱਦ ਦਰਜੇ
ਦੇ ਕਮੀਨੇ ਅਤੇ ਵਹਿਸ਼ੀ ਹਨ। ਜੇ ਫਲਿੰਟ ਲਹੂ ਦੀਆਂ ਘਰਾਲਾਂ ਵਗਣ ਤੱਕ ਗੁਲਾਮਾਂ ਉਪਰ ਕੋਰੜੇ
ਵਰਸਾਉਣ ਦੇ ਸ਼ੌਕ ਵਿਚੋਂ ਖੁਸ਼ੀ ਭਾਲਦਾ ਹੈ ਤਾਂ ਮਿਸਿਜ਼ ਫਲਿੰਟ ਇਹ ਸਭ ਦੇਖ ਕੇ ਆਨੰਦ ਮਹਿਸੂਸ
ਕਰਦੀ ਹੈ। ਜੇ ਮਿਸਿਜ਼ ਫਲਿੰਟ ਨੂੰ ਭੋਜਨ ਸਮੇਂ ਤੋਂ ਥੋੜ੍ਹਾ ਜਿਹਾ ਵੀ ਅੱਗੇ ਪਿੱਛੇ ਪਰੋਸਿਆ ਜਾਂਦਾ
ਹੈ ਤਾਂ ਉਹ ਗੁੱਸੇ ਵਿਚ ਉਬਲਦੀ ਹੋਈ ਆਪਣਾ ਭੋਜਨ ਕਰਨ ਤੋਂ ਮਗਰੋਂ ਬਾਕੀ ਬਚੇ-ਖੁਚੇ ਖਾਣੇ
ਤੇ ਥਾਲੀਆਂ ਨਾਲ ਲੱਗੀ ਰਹਿੰਦ-ਖੂੰਹਦ ਵਿਚ ਵੀ ਥੁੱਕ ਦਿੰਦੀ ਹੈ ਤਾਂ ਜੋ ਖਾਣਾ ਬਣਾਉਣ ਵਾਲੀ
ਗੁਲਾਮ ਔਰਤ ਨਾ ਆਪ ਕੁਝ ਖਾ ਸਕੇ ਤੇ ਨਾ ਆਪਣੇ ਬੱਚੇ ਨੂੰ ਖਿਲਾ ਸਕੇ। ਇਸੇ ਤਰ੍ਹਾਂ ਜੇ ਫਲਿੰਟ
ਨੂੰ ਕੋਈ ਖਾਣ ਵਾਲੀ ਚੀਜ਼ ਪਸੰਦ ਨਾ ਆਏ ਤਾਂ ਉਸੇ ਔਰਤ ਦੀ ਕੋਰੜਿਆਂ ਨਾਲ ਤੁੜਾਈ ਹੁੰਦੀ
ਹੈ ਅਤੇ ਕਈ ਵਾਰ ਉਸਨੂੰ ਚੌਵੀ ਘੰਟੇ ਦੀ ਕੈਦ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ, ਜਿਸ ਦੌਰਾਨ
ਨਾ ਉਹ ਆਪਣੇ ਬੱਚੇ ਕੋਲ ਜਾ ਸਕਦੀ ਹੈ ਨਾ ਉਸਨੂੰ ਕੁਝ ਖਿਲਾ ਸਕਦੀ ਹੈ ਜਾਂ ਆਪਣਾ ਦੁੱਧ
ਹੀ ਪਿਲਾ ਸਕਦੀ ਹੈ। ਇੱਥੋਂ ਤੱਕ ਕਿ ਜੇ ਮਾਲਕ ਦਾ ਕੁੱਤਾ ਕਿਸੇ ਵਜ੍ਹਾ ਕਰਕੇ ਖਾਣਾ ਨਾ ਖਾਵੇ,
ਸੁੰਘ ਕੇ ਮੂੰਹ ਮੋੜ ਲਵੇ ਤਾਂ ਵੀ ਉਸ ਰਸੋਇਣ ਦੀ ਤੁੜਾਈ ਹੁੰਦੀ ਹੈ ਅਤੇ ਕੁੱਤੇ ਵਾਲਾ ਸਾਰਾ
ਖਾਣਾ ਉਸਨੂੰ ਜਬਰਨ ਖਿਲਾਇਆ ਜਾਂਦਾ ਹੈ।
ਇਸ ਤਰ੍ਹਾਂ ਜੈਕੋਬਜ਼ ਵੀ ਡਗਲਸ ਵਾਂਗ ਹੀ ਆਪਣੀ ਜੀਵਨੀ ਵਿਚ ਮਾਰੁਕੁੱਟ ਦੇ ਉਹ ਵਹਿਸ਼ੀਆਨਾ
ਤੇ ਘਿਨੌਣੇ ਦ੍ਰਿਸ਼ ਇੰਨੇ ਮਾਰਮਿਕ ਢੰਗ ਨਾਲ ਪੇਸ਼ ਕਰਦੀ ਹੈ ਕਿ ਇਹ ਸਪੱਸ਼ਟ ਸਿੱਧ ਹੋ ਜਾਂਦਾ
ਹੈ ਕਿ ਗੁਲਾਮ ਪ੍ਰਥਾ ਨੇ ਇਨ੍ਹਾਂ ਮਾਲਕਾਂ ਨੂੰ ਇਸ ਪ੍ਰਕਾਰ ਦੇ ਵਹਿਸ਼ੀ ਦਰਿੰਦੇ ਬਣਾ ਦਿੱਤਾ ਸੀ
ਕਿ ਉਨ੍ਹਾਂ ਵਿਚ ਇਨਸਾਨੀਅਤ ਵਰਗੀ ਕੋਈ ਵੀ ਚੀਜ਼ ਜਾਂ ਰਹਿਮ ਦੇ ਨਾਮਾਤਰ ਅੰਸ਼ ਵੀ ਬਾਕੀ
ਨਹੀਂ ਬਚੇ ਸਨ। ਬੇਸ਼ਕ ਉਹ ਇਕ ਦੋ ਨੇਕ-ਦਿਲ ਮਾਲਕਾਂ ਦਾ ਜ਼ਿਕਰ ਵੀ ਕਰਦੀ ਹੈ ਜੋ ਉਸਦੀ
ਮੁਕਤੀ ਵਿਚ ਸਹਾਈ ਹੁੰਦੇ ਹਨ, ਪਰ ਉਹ ਨਿਗੂਣੀ ਹਸਤੀ ਦੇ ਮਾਲਕ ਹੋਣ ਕਾਰਨ ਸਮੁੱਚੀ ਵਿਵਸਥਾ
ਤੇ ਕਾਨੂੰਨ ਅੱਗੇ ਬੇਵੱਸ ਦਿਖਾਈ ਦਿੰਦੇ ਹਨ ਕਿਉਂਕਿ ਸਮਾਜਕ ਮਾਨਤਾਵਾਂ ਅਤੇ ਆਰਥਕ-ਰਾਜਨੀਤਕ
ਤਾਣਾ-ਬਾਣਾ ਅਤੇ ਇਸ ਉਪਰ ਉਸਰੀ ਹੋਈ ਸਟੇਟ ਪਾਵਰ ਇਸ ਪ੍ਰਥਾ ਨੂੰ ਬਣਾਈ ਰੱਖਣ ਲਈ
ਕੰਮ ਕਰਦੇ ਹਨ। ਇੱਥੋਂ ਤੱਕ ਕਿ ਗੋਰਾ ਮਿਸਟਰ ਸੈਂਡਜ਼ ਜੋ ਉਸਦੇ ਦੋ ਬੱਚਿਆਂ ਦਾ ਬਾਪ ਬਣਦਾ
ਹੈ ਵੀ ਉਸਨੂੰ ਗੁਲਾਮੀ ਦੇ ਪੰਜੇ ਵਿਚੋਂ ਛਡਾਉਣ ਵਿਚ ਅਸਫਲ ਰਹਿੰਦਾ ਹੈ ਕਿਉਂਕਿ ਉਹ ਫਲਿੰਟ
ਦੀ ਸੰਪਤੀ ਹੁੰਦੀ ਹੈ ਅਤੇ ਉਹ ਉਹਨੂੰ ਕਿਸੇ ਕੀਤਮ ਉਪਰ ਵੀ ਵੇਚਣ ਲਈ ਤਿਆਰ ਨਹੀਂ ਹੁੰਦਾ।
ਉਹ ਤਾਂ ਹਰ ਵੇਲੇ ਆਪਣਾ ਨਾਗ-ਫੰਨ ਫੈਲਾਈ ਉਸਨੂੰ ਡੱਸਣ ਲਈ ਤਿਆਰ ਬੈਠਾ ਹੈ ਕਿਉਂਕਿ
ਉਹ ਉਹਨੂੰ ਸਿਰਫ਼ ਆਪਣੇ ਭੋਗ-ਵਿਲਾਸ ਲਈ ਰਾਖਵੀਂ ਰੱਖਣਾ ਚਾਹੁੰਦਾ ਹੈ ਅਤੇ ਉਹਦੇ ਤੋਂ ਕੁਝ
ਬੱਚੇ ਪੈਦਾ ਕਰਕੇ ਆਪਣੀ ਸੰਪਤੀ ਵਿਚ ਵਾਧਾ ਕਰਨਾ ਚਾਹੁੰਦਾ ਹੈ। ਇਸ ਲਈ ਮਿਸਟਰ ਸੈਂਡਜ਼
ਦੇ ਬੱਚੇ ਜੰਮ ਕੇ ਵੀ ਨਾ ਉਹ ਆਜ਼ਾਦ ਹੁੰਦੀ ਹੈ ਤੇ ਨਾ ਉਹਦੇ ਬੱਚੇ ਆਜ਼ਾਦ ਹੁੰਦੇ ਹਨ ਕਿਉਂਕਿ
ਉਹ ਬੱਚੇ ਵੀ ਕਾਨੂੰਨ ਮੁਤਾਬਕ ਉਹਦੇ ਗੁਲਾਮ ਹਨ। ਇਸ ਕਾਨੂੰਨ ਦੀ ਨਿਰੰਕੁਸ਼ਤਾ ਦੇਖੋ ਕਿ
ਜਦੋਂ ਮਿਸਟਰ ਸੈਂਡਜ਼ ਅਮਰੀਕਨ ਕਾਂਗਰਸ ਦਾ ਮੈਂਬਰ ਵੀ ਬਣ ਜਾਂਦਾ ਹੈ, ਉਹ ਆਪਣੇ ਬੱਚਿਆਂ
ਨੂੰ ਤਾਂ ਖੁਦ ਖਰੀਦ ਕੇ ਆਜ਼ਾਦ ਕਰਵਾ ਦਿੰਦਾ ਹੈ ਪਰ ਜੈਕੋਬਜ਼ ਨੂੰ ਨਹੀਂ ਕਿਉਂਕਿ ਫਲਿੰਟ ਉਹਨੂੰ
ਵੇਚਣ ਲਈ ਰਾਜ਼ੀ ਹੀ ਨਹੀਂ ਹੁੰਦਾ।
ਇਸ ਲਈ ਉਹ ਫਲਿੰਟ ਦੇ ਸ਼ਿਕੰਜੇ 'ਚੋਂ ਬਚਣ ਲਈ ਆਪਣੀ ਹੀ ਦਾਦੀ ਦੇ ਘਰ (ਜੋ ਕਾਨੂੰਨੀ
ਤੌਰ ਤੇ ਆਜ਼ਾਦ ਹੋ ਚੁੱਕੀ ਹੁੰਦੀ ਹੈ) ਇਕ ਖੁੱਡੇ ਵਿਚ ਸੱਤ ਸਾਲ ਬੰਦ ਰਹਿੰਦੀ ਹੈ। ਇਹ ਛੱਤ
ਦੇ ਥੱਲੇ ਬਣਿਆ ਖੁੱਡਾ ਸਿਰਫ਼ ਸੱਤ ਫੁੱਟ ਚੌੜਾ, ਨੌਂ ਫੁੱਟ ਲੰਮਾ ਤੇ ਤਿੰਨ ਫੁੱਟ ਉੱਚਾ ਹੁੰਦਾ ਹੈ।
ਜਿਸ ਵਿਚ ਚੂਹੇ ਤੇ ਪਿੱਸੂਆਂ ਤੋਂ ਬਿਨਾ ਸਿਰਫ਼ ਹਨੇਰਾ ਹੀ ਹੁੰਦਾ ਹੈ। ਇਸ ਹਨੇਰੇ ਤੋਂ ਬਚਣ
ਲਈ ਉਹ ਤਿੰਨ ਮੋਰੀਆਂ ਕਰਦੀ ਹੈ ਅਤੇ ਇਸ ਵਿਚੋਂ ਬਾਹਰਲੀ ਜ਼ਿੰਦਗੀ ਨੂੰ ਤੱਕਦੀ ਹੈ। ਇਸ
ਖੁੱਡੇ ਵਿਚ ਉਹ ਸਿਰਫ਼ ਰੀਂਗ ਸਕਦੀ ਹੈ।
ਪਰ ਗੁਲਾਮ ਜ਼ਿੰਦਗੀ ਨਾਲੋਂ ਉਹ ਇਸ ਖੁੱਡੇ ਨੂੰ ਇਸ ਲਈ ਤਰਜੀਹ ਦਿੰਦੀ ਹੈ ਕਿਉਂਕਿ ਉਹ
ਫਲਿੰਟ ਦੀ ਦਰਿੰਦਗੀ ਨੂੰ ਜਾਣਦੀ ਹੈ ਜੋ ਹਰ ਹਾਲਤ ਵਿਚ ਉਹਦੇ ਨਾਲ ਭੋਗ ਕਰਨ ਲਈ ਉਹਨੂੰ
ਵਾਰ-ਵਾਰ ਮਜਬੂਰ ਕਰਦਾ ਹੈ ਅਤੇ ਜਦੋਂ ਵੀ ਉਹ ਸਾਹਮਣੇ ਹੋਵੇ ਉਹਨੂੰ ਇਹ ਜਤਾਉਂਦਾ ਹੈ:
"ਮੈਂ ਸਿਰਫ਼ ਉਹਦੇ ਭੋਗ ਦੀ ਇਕ ਵਸਤੂ ਹਾਂ, ਹਰੇਕ ਮਾਮਲੇ ਵਿਚ ਉਹਦਾ ਹੁਕਮ ਮੰਨਣ ਲਈ
ਹੀ ਬਣਾਈ ਗਈ ਹਾਂ, ਕਿ ਮੈਂ ਸਿਰਫ਼ ਇਕ ਗੁਲਾਮ ਹਾਂ ਹੋਰ ਕੁਛ ਵੀ ਨਹੀਂ, ਇਸ ਲਈ ਮੇਰੀ
ਮਰਜ਼ੀ ਵੀ ਉਹਦੀ ਮਰਜ਼ੀ ਦੀ ਗੁਲਾਮ ਹੈ ...।"
ਉਹ ਬੁੱਢਾ ਖੋਸਟ ਮਾਲਕ ਉਸਦੀ ਇਸ ਲਾਚਾਰ ਸਥਿਤੀ ਨੂੰ ਜਤਾਉਣ ਲਈ ਬਾਈਬਲ ਦੇ ਹਵਾਲੇ

ਵੀ ਦਿੰਦਾ ਹੈ, ਕਾਨੂੰਨ ਦੇ ਹਵਾਲੇ ਵੀ ਦਿੰਦਾ ਹੈ, ਆਪਣੀ ਤਾਕਤ ਦੀ ਧੌਂਸ ਵੀ ਹਰ ਵੇਲੇ ਬੁੱਲ੍ਹਾਂ
ਉਤੇ ਰੱਖਦਾ ਹੈ ਅਤੇ ਉਹਦੇ ਬੱਚਿਆਂ ਨੂੰ ਵੇਚ ਦੇਣ ਦੇ ਡਰਾਵੇ ਵੀ ਦਿੰਦਾ ਹੈ। ਇਸ ਲਈ ਉਹਨੂੰ
ਸਮਝੌਤਾ ਕਰਨਾ ਪੈਂਦਾ ਹੈ ਅਤੇ ਉਹਦੇ ਘਰ ਦੀ ਗੁਲਾਮੀ ਕਰਨੀ ਪੈਂਦੀ ਹੈ। ਜਿਸ ਗੁਲਾਮੀ ਤੋਂ
ਬਚਣ ਲਈ ਉਹ ਇਕ ਦਿਨ ਅਤਿ-ਦੁਖੀ ਮਨੋ-ਦਸ਼ਾ ਵਿਚ ਦਾਦੀ ਦੇ ਉਸ ਖੁੱਡੇ ਵਿਚ ਆ ਵੜਦੀ
ਹੈ, ਜਿਸ ਵਿਚ ਸਾਹ ਲੈਣ ਲਈ ਹਵਾ ਵੀ ਨਹੀਂ, ਬੈਠਣ ਜੋਗੀ ਥਾਂ ਵੀ ਨਹੀਂ।
ਇਸ ਲਈ ਜੈਕੋਬਜ਼ ਨੂੰ ਧਰਮ, ਕਾਨੂੰਨ, ਸਮਾਜਕ ਮਾਨਤਾਵਾਂ, ਸਰਕਾਰੀ ਪ੍ਰਬੰਧ, ਪ੍ਰਸ਼ਾਸਨ, ਨਿਆਂਪ੍ਰਣਾਲੀ,
ਯਾਨੀ ਕਿ ਸਾਰਾ ਆਲਮ ਤੇ ਪੂਰਾ ਨਿਜ਼ਾਮ ਗੁਲਾਮ ਪ੍ਰਥਾ ਦੇ ਪੱਖ ਵਿਚ ਖੜੇ ਦਿਖਾਈ
ਦਿੰਦੇ ਹਨ। ਜਿਸ ਨੂੰ ਅਮਰੀਕੀ ਇਤਿਹਾਸਕਾਰ ਸੁਨਹਿਰੀ ਯੁਗ ਕਹਿੰਦੇ ਹਨ ਅਤੇ ਜਿਸ ਆਜ਼ਾਦੀ
ਦਾ ਉਹ ਗੁਣਗਾਨ ਕਰਦੇ ਹਨ, ਜੈਕੋਬਜ਼ ਉਸ ਨੂੰ ਮਨੁੱਖੀ ਭਾਵਨਾਵਾਂ ਤੋਂ ਨਿਰਲੇਪ ਅਤੇ ਮਾਨਵੀ
ਕਦਰਾਂ ਕੀਮਤਾਂ ਤੋਂ ਕੋਰਾ ਕਾਲਾ ਦੌਰ ਕਹਿੰਦੀ ਹੈ। ਜਿਸ ਵਿਚ ਗੋਰੇ ਮਾਲਕ ਆਪਣੀ ਨਿਰੰਕੁਸ਼
ਸੱਤਾ ਨੂੰ ਬੇਬਸ ਮਨੁੱਖਤਾ ਦਾ ਹਰ ਪਲ ਕਤਲ ਕਰਨ ਲਈ ਵਰਤਦੇ ਹਨ। ਉਨ੍ਹਾਂ ਲਈ ਗੁਲਾਮ
ਲੋਕਾਂ ਦੇ ਪਰਿਵਾਰਾਂ ਦੀ ਕੋਈ ਅਹਿਮੀਅਤ ਨਹੀਂ। ਗੁਲਾਮਾਂ ਨੂੰ ਆਪਣੀ ਮਰਜ਼ੀ ਨਾਲ ਮੁਹੱਬਤ ਕਰਨ
ਜਾਂ ਵਿਆਹ ਕਰਾਉਣ ਦਾ ਵੀ ਅਧਿਕਾਰ ਨਹੀਂ। ਇਸ ਲਈ ਉਹਦੇ ਕਾਲੇ ਪ੍ਰੇਮੀ ਨੂੰ ਆਜ਼ਾਦ ਹੋਣ
ਦੇ ਬਾਵਜੂਦ ਇਲਾਕਾ ਛੱਡ ਕੇ ਭੱਜਣਾ ਪਿਆ ਕਿਉਂਕਿ ਫਲਿੰਟ ਉਹਨੂੰ ਕਤਲ ਤੱਕ ਕਰਵਾ ਸਕਦਾ
ਸੀ। ਇਸ ਲਈ ਉਹ ਇਕ ਅਜਿਹੇ ਗੋਰੇ ਤੋਂ ਆਪਣੇ ਬੱਚੇ ਪੈਦਾ ਕਰਦੀ ਹੈ, ਜੋ ਉਹਨੂੰ ਚਾਹੁੰਦਾ
ਹੈ ਤੇ ਗੁਲਾਮ ਮਾਲਕ ਨਹੀਂ ਹੈ। ਪਰ ਵਿਆਹ ਉਹਦੇ ਨਾਲ ਵੀ ਨਹੀਂ ਕਰਵਾ ਸਕਦੀ ਕਿਉਂਕਿ
ਕਾਨੂੰਨ ਇਸਦੀ ਮਨਾਹੀ ਕਰਦਾ ਹੈ। ਉਸ ਕੋਲ ਫਲਿੰਟ ਦੀ ਚੁੰਗਲ ਵਿਚੋਂ ਨਿਕਲਣ ਦਾ ਕੋਈ ਰਾਹ
ਨਹੀਂ। ਆਪਣੇ ਬੱਚਿਆਂ ਨੂੰ ਵੇਚੇ ਜਾਣ ਤੋਂ ਰੋਕਣ ਦਾ ਕੋਈ ਢੰਗ ਨਹੀਂ। ਵਹਿਸ਼ੀਆਨਾ ਕੁੱਟ-ਮਾਰ
ਤੋਂ ਬਚਣ ਦਾ ਕੋਈ ਰਸਤਾ ਨਹੀਂ। ਮਾਲਕ ਦੇ ਲਿੰਗਕ ਉਤਪੀੜਨ ਤੋਂ ਬਚਣ ਲਈ ਕੋਈ ਸਹਾਰਾ,
ਕੋਈ ਢਾਰਸ ਨਹੀਂ। ਇਸ ਲਈ ਉਹ ਇਸ ਗੁਲਾਮ ਪ੍ਰਥਾ ਅਤੇ ਸਮਾਜਕ ਵਿਵਸਥਾ ਦੀਆਂ ਮਾਨਤਾਵਾਂ
ਅਤੇ ਸੰਸਥਾਵਾਂ ਨੂੰ ਵੰਗਾਰਦੀ ਹੈ ਅਤੇ ਇਨ੍ਹਾਂ ਨੂੰ ਬਦਲਣ ਲਈ ਦ੍ਰਿੜ ਪੱਖ ਪੇਸ਼ ਕਰਦੀ ਹੈ।
ਇੱਥੋਂ ਤੱਕ ਕਿ ਉਹ ਚਰਚ ਦੁਆਰਾ 'ਰੱਬ ਤੇ ਧਰਮ' ਦੇ ਇਸਤੇਮਾਲ ਨੂੰ ਵੀ ਗੁਲਾਮ ਮਾਲਕਾਂ
ਦਾ ਰਖਵਾਲਾ ਅਤੇ ਗੁਲਾਮ ਪ੍ਰਥਾ ਦਾ ਪੋਸ਼ਕ ਮੰਨਦੀ ਹੈ। ਇਸ ਲਈ ਗੁਲਾਮਾਂ ਨੂੰ ਚਰਚ ਵੱਲ ਖਿੱਚਣ
ਦਾ ਮਕਸਦ ਉਹ 'ਚਰਚ ਤੇ ਗੁਲਾਮੀ' ਵਾਲੇ ਅਧਿਆਏ ਵਿਚ ਇੰਜ ਬਿਆਨ ਕਰਦੀ ਹੈ:
"ਨੈਟ ਟਰਨਰ ਵਿਦਰੋਹ ਦੇ ਖਤਰੇ ਦਾ ਘੁੱਗੂ ਮੱਧਮ ਪੈਂਦੇ ਹੀ, ਗੁਲਾਮ ਮਾਲਕ ਇਸ ਨਤੀਜੇ
ਤੇ ਪਹੁੰਚ ਗਏ ਕਿ ਇਹ ਚੰਗਾ ਰਹੇਗਾ, ਜੇਕਰ ਗੁਲਾਮਾਂ ਨੂੰ ਆਪਣੇ ਮਾਲਕਾਂ ਦਾ ਕਤਲ ਨਾ ਕਰਨ
ਬਾਰੇ ਕਾਫੀ ਧਾਰਮਿਕ ਹਦਾਇਤਾਂ ਦਿੱਤੀਆਂ ਜਾਣ। ਏਪੀਸਕੋਪਲ ਚਰਚ ਦੇ ਪਾਦਰੀਆਂ ਨੇ ਐਤਵਾਰ
ਨੂੰ ਵੱਖਰੀ ਸੇਵਾ ਦੇਣ ਦੀ ਪੇਸ਼ਕਸ਼ ਵੀ ਕੀਤੀ ... ਪਰ ਮੁਸ਼ਕਿਲ ਜਗ੍ਹਾ ਦੀ ਆ ਗਈ ... ਮੈਥਡਿਸਟ
ਅਤੇ ਬੈਪਟਿਸਟ ਚਰਚਾਂ ਨੇ ਇਹ ਕੰਮ ਸ਼ਾਮ ਦੇ ਵਕਤ ਚਰਚ ਅੰਦਰ ਹੀ ਕਰਨ ਦਾ ਫੈਸਲਾ ਕੀਤਾ
ਕਿਉਂਕਿ ਉਨ੍ਹਾਂ ਦੇ ਕਾਰਪਿਟ ਤੇ ਗੱਦੇ ਇੰਨੇ ਕੀਮਤੀ ਨਹੀਂ ਸਨ ਜਿੰਨੇ ਏਪੀਸਕੋਪਲ ਚਰਚ ਦੇ ...
ਪਰ ਅੰਤ ਇਕ ਆਜ਼ਾਦ ਰੰਗਦਾਰ (ਕਾਲੇ) ਆਦਮੀ ਦੇ ਘਰ ਸਭ ਨੂੰ ਇਕੱਠੇ ਕਰਨ ਦਾ ਫੈਸਲਾ
ਹੋ ਗਿਆ, ਜੋ ਚਰਚ ਦਾ ਮੈਂਬਰ ਵੀ ਸੀ।"
ਇੰਜ ਉਹ ਇਕ ਥਾਂ ਵੀਹ ਦੇ ਕਰੀਬ ਗੁਲਾਮ ਇਕੱਠੇ ਕਰਦੇ ਹਨ ਅਤੇ ਉਨ੍ਹਾਂ ਨੂੰ ਧਾਰਮਕ ਸੇਵਾ
ਪ੍ਰਦਾਨ ਕਰਦੇ ਹਨ। ਇਸ ਸੇਵਾ ਦੌਰਾਨ ਇਕ ਪਾਦਰੀ ਮਿਸਟਰ ਪਾਈਕ ਦੁਆਰਾ ਬਾਈਬਲ ਵਿਚੋਂ
ਪੜ੍ਹ ਕੇ ਗੁਲਾਮਾਂ ਨੂੰ ਦਿੱਤੇ ਜਾਂਦੇ ਉਪਦੇਸ਼ਾਂ ਬਾਰੇ ਵੀ ਉਹ ਬੇਬਾਕੀ ਨਾਲ ਬਿਆਨ ਕਰਦੀ ਹੈ:
"ਦਾਸੋ, ਆਪਣੇ ਲੌਕਿਕ ਮਾਲਕਾਂ ਪ੍ਰਤੀ ਵਫਾਦਾਰ ਰਹੋ, ਉਨ੍ਹਾਂ ਤੋਂ ਡਰੋ ਤੇ ਮਨ ਦੇ ਧੁਰ ਅੰਦਰ
ਤੱਕ ਭੈਅ ਖਾਓ ਤੇ ਕੰਬੋ, ਜਿਵੇਂ ਕਿ ਈਸਾ ਮਸੀਹ ਨੇ ਕਿਹਾ ਹੈ।"
"ਦਾਸੋ, ਧਿਆਨ ਨਾਲ ਸੁਣੋ, ਤੁਸੀਂ ਆਕੀ ਪਾਪੀ ਹੋ। ਤੁਹਾਡੇ ਦਿਲ ਹਰ ਤਰ੍ਹਾਂ ਦੀ ਬੁਰਾਈ ਨਾਲ
ਭਰੇ ਪਏ ਹਨ। ਇਹ ਬੁਰਾਈ ਹੀ ਹੈ ਜੋ ਤੁਹਾਨੂੰ ਉਕਸਾਉਂਦੀ ਹੈ। ਰੱਬ ਤੁਹਾਡੇ ਨਾਲ ਗੁੱਸੇ ਹੈ,
ਤੇ ਜੇ ਤੁਸੀਂ ਆਪਣੇ ਦੁਸ਼ਟ ਤਰੀਕਿਆਂ ਦਾ ਤਿਆਗ ਨਾ ਕੀਤਾ ਤਾਂ ਉਹ ਨਿਸ਼ਚਿਤ ਤੌਰ ਤੇ ਤੁਹਾਨੂੰ
ਸਜ਼ਾ ਦੇਵੇਗਾ। ..."
ਮਿਸਟਰ ਪਾਈਕ ਉਨ੍ਹਾਂ ਦੇ ਗੁਨਾਹ ਗਿਣਾਉਂਦਾ ਹੈ, ਜਿਸ ਵਿਚ ਚੋਰੀ ਕਰਨ ਤੋਂ ਲੈ ਕੇ, ਇਕੱਠੇ
ਹੋਣ ਤੇ ਤਾਸ਼ ਖੇਲ੍ਹਣ ਤੱਕ ਸ਼ਾਮਲ ਹੈ ਅਤੇ ਫਿਰ ਨਸੀਅਤ ਦਿੰਦਾ ਹੈ, "ਆਪਣੇ ਬਜ਼ੁਰਗ ਮਾਲਕ
ਤੇ ਨੌਜਵਾਨ ਮਾਲਕ ਦੀ ਆਗਿਆ ਦਾ ਪਾਲਣ ਕਰੋ। ਆਪਣੀ ਬਜ਼ੁਰਗ ਮਾਲਕਣ ਤੇ ਨੌਜਵਾਨ ਮਾਲਕਣ
ਦੀ ਆਗਿਆ ਦਾ ਪਾਲਣ ਕਰੋ। ਜੇ ਤੁਸੀਂ ਦੁਨਿਆਵੀ ਮਾਲਕ ਦੀ ਆਗਿਆ ਦਾ ਪਾਲਣ ਨਾ ਕੀਤਾ
ਤਾਂ ਸਵਰਗਵਾਸੀ ਮਾਲਕ ਤੁਹਾਡੇ ਤੇ ਖ਼ਫਾ ਹੋਵੇਗਾ। ਤੁਸੀਂ ਰੱਬ ਦੀ ਆਗਿਆ ਦਾ ਪਾਲਣ ਕਰੋ।
..."
ਉਸਦੇ ਇਸ ਬਿਆਨ ਤੋਂ ਇਹ ਕਨਸੋਅ ਤਾਂ ਮਿਲ ਹੀ ਜਾਂਦੀ ਹੈ ਕਿ ਗੁਲਾਮਾਂ ਨੂੰ ਧਾਰਮਕ
ਬਣਾਉਣ ਲਈ ਚਰਚ ਤੱਕ ਲੈ ਜਾਣਾ ਕਿਉਂ ਜ਼ਰੂਰੀ ਬਣ ਗਿਆ ਸੀ। ਪਰ ਜਿਹੜਾ ਧਰਮ ਉਨ੍ਹਾਂ

ਨੂੰ ਸਿਖਾਇਆ ਗਿਆ, ਉਹ ਵੀ ਖੁਦ ਮਾਲਕਾਂ ਦਾ ਹੀ ਧਰਮ ਸੀ। ਪਰ ਇਸਨੇ ਇਹ ਸਵਾਲ
ਖੜ੍ਹਾ ਕਰ ਦਿੱਤਾ ਕਿ ਜੋ ਸਿੱਖਿਆ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ, ਕੀ ਇਹ ਈਸਾਈ ਮਤ ਦੇ
ਮੁਤਾਬਕ ਸਹੀ ਹੈ? ਇਸ ਲਈ ਬਾਈਬਲ ਦੀ ਵਿਆਖਿਆ ਦਾ ਸਵਾਲ ਖੜ੍ਹਾ ਹੋ ਗਿਆ, ਜਿਸ
ਦੀ ਬਦੌਲਤ ਅੱਗੇ ਚੱਲ ਕੇ ਅਰਥਾਤ ਗੁਲਾਮ ਪ੍ਰਥਾ ਦੇ ਕਾਨੂੰਨੀ ਖਾਤਮੇ ਤੋਂ ਮਗਰੋਂ 'ਕਾਲਾ ਚਰਚ',
'ਕਾਲੀ ਬਾਈਬਲ' ਹੋਂਦ ਵਿਚ ਆਏ। ਇਸ ਲਈ 'ਕਾਲੇ ਚਰਚਾਂ' ਵਿਚ ਅੱਜ ਵੀ ਕੁਝ ਹੱਦ ਤੱਕ
ਬਾਈਬਲ ਦੀ ਵੱਖਰੀ ਵਿਆਖਿਆ ਹੁੰਦੀ ਹੈ। ਪਰ ਉਸ ਦੌਰ ਵਿਚ ਇੰਨੇ ਨਾਲ ਹੀ ਉਹ ਸੰਤੁਸ਼ਟ
ਸਨ ਕਿ ਉਨ੍ਹਾਂ ਨੂੰ ਵੀ ਰੱਬ ਦਾ ਨਾਂ ਲੈਣ ਦੀ ਆਜ਼ਾਦੀ ਮਿਲ ਗਈ ਤੇ ਬਾਈਬਲ ਪੜ੍ਹਨ ਤੋਂ ਪ੍ਰਤੀਬੰਧ
ਹਟਾ ਲਿਆ ਗਿਆ।
ਇਸ ਤੋਂ ਇਲਾਵਾ ਜਿਸ ਪ੍ਰਕਾਰ ਦੇ ਮਾਰਮਿਕ ਅਤੇ ਭਾਵੁਕ ਦ੍ਰਿਸ਼ ਜੈਕੋਬਜ਼ ਗੁਲਾਮਾਂ ਦੀ ਵਿਕਰੀ
ਬਾਰੇ ਪੇਸ਼ ਕਰਦੀ ਹੈ, ਉਹ ਦਿਲ ਨੂੰ ਦਹਿਲਾ ਦੇਣ ਵਾਲੇ ਹਨ। ਇਹ ਸੀਨ ਇਸ 'ਮਹਾਨ ਗੁਲਾਮ
ਸਭਿਅਤਾ' ਦੀ ਮਿੱਥ ਦਾ ਵੀ ਮੂੰਹ ਚਿੜਾਉਂਦੇ ਹਨ, ਪੂੰਜੀਵਾਦੀ ਜਨਤੰਤਰ ਦੇ ਮੂਲ ਆਧਾਰ ਅਰਥਾਤ
ਤਥਾਕਥਿਤ ਬਰਾਬਰੀ ਦੇ ਸੰਕਲਪ ਨੂੰ ਵੀ ਵੰਗਾਰਦੇ ਹਨ ਅਤੇ ਉਸ ਸਮੇਂ ਦੇ ਸਮਾਜਕ-ਆਰਥਕ
ਢਾਂਚੇ ਦਾ ਵਿਸ਼ਲੇਸ਼ਣ ਵੀ ਪੇਸ਼ ਕਰਦੇ ਹਨ। ਉਹ ਢਾਂਚਾ ਜਿਸ ਵਿਚ ਉਤਪਾਦਨ ਸ਼ਕਤੀਆਂ ਨੂੰ ਪਸ਼ੂਆਂ
ਵਾਂਗ ਵਰਤਿਆ ਜਾਂਦਾ ਹੈ: ਨਾ ਕੋਈ ਸਮਾਜਕ ਅਧਿਕਾਰ, ਨਾ ਕਿਸੇ ਪਰਿਵਾਰਕ ਇਕਾਈ ਦੀ
ਗਰੰਟੀ, ਨਾ ਗੁਲਾਮ ਮਾਲਕਾਂ ਦੀ ਨਿਰੰਕੁਸ਼ ਸੱਤਾ ਦੇ ਵਿਰੁਧ ਕੋਈ ਆਵਾਜ਼ ਉਠਾਉਣ ਜਾਂ ਸੰਘਰਸ਼
ਕਰਨ ਦਾ ਹੱਕ, ਨਾ ਕੋਈ ਹੋਰ ਜਨਵਾਦੀ ਅਧਿਕਾਰ, ਨਾ ਹੀ ਉਨ੍ਹਾਂ ਦੇ ਗਿਆਨ ਤੇ ਕੰਮ ਦੇ ਹੁਨਰ
ਵਿਚ ਵਿਕਾਸ ਲਈ ਕੋਈ ਮਾਧਿਅਮ, ਨਾ ਹੀ ਉਨ੍ਹਾਂ ਦੀ ਮਿਹਨਤ ਦਾ ਹੀ ਕੋਈ ਮੁੱਲ ਅਤੇ ਬੱਚਿਆਂ
ਦਾ ਪਾਲਣ ਪੋਸ਼ਣ ਵੀ ਉਸੇ ਤਰ੍ਹਾਂ ਦਾ, ਜਿਸ ਤਰ੍ਹਾਂ ਸੂਰ ਪਾਲੇ ਜਾਂਦੇ ਸਨ ਅਤੇ ਫਿਰ ਵੇਚੇ ਜਾਂਦੇ
ਸਨ।
ਇਸ ਵਿਕਰੀ ਬਾਰੇ ਜੈਕੋਬਜ਼ ਕਹਿੰਦੀ ਹੈ:
"ਇਨ੍ਹਾਂ ਵਿਕਰੀ ਦੇ ਦਿਨਾਂ ਵਿਚ ਇਕ ਦਿਨ ਮੈਂ ਇਕ ਮਾਂ ਸੱਤ ਬੱਚਿਆਂ ਦੇ ਨਾਲ ਨੀਲਾਮੀ
ਵਾਲੀ ਥਾਂ ਲਿਜਾਈ ਜਾਂਦੀ ਦੇਖੀ। ਉਹਨੂੰ ਪਤਾ ਸੀ ਅੱਜ ਕੁਝ ਕੁ ਨੂੰ ਉਹ ਲੈ ਜਾਣਗੇ; ਪਰ ਉਹ
ਸਾਰੇ ਲੈ ਗਏ। ਸਾਰੇ ਬੱਚੇ ਇਕ ਗੁਲਾਮ-ਵਪਾਰੀ ਨੂੰ ਵੇਚ ਦਿੱਤੇ ਗਏ, ਤੇ ਉਹ ਮਾਂ ਉਹਦੇ ਆਪਣੇ
ਸ਼ਹਿਰ ਦੇ ਇਕ ਬੰਦੇ ਨੇ ਖਰੀਦ ਲਈ। ਰਾਤ ਹੋਣ ਤੋਂ ਪਹਿਲਾਂ ਉਹਦੇ ਸਾਰੇ ਬੱਚੇ ਜਾ ਚੁੱਕੇ ਸਨ।
ਉਹਨੇ ਉਸ ਵਪਾਰੀ ਦੇ ਹਾੜੇ ਕੱਢੇ ਕਿ ਇੰਨਾ ਹੀ ਦੱਸ ਦੇਵੇ ਉਹ ਇਨ੍ਹਾਂ ਨੂੰ ਲਿਜਾ ਕਿੱਥੇ ਰਿਹਾ
ਹੈ, ਪਰ ਉਹਨੇ ਨਹੀਂ ਦੱਸਿਆ। ਉਹ ਦੱਸ ਵੀ ਕਿਵੇਂ ਸਕਦਾ ਸੀ, ਜਦੋਂ ਕਿ ਉਹ ਜਾਣਦਾ ਸੀ
ਕਿ ਉਹ ਇਨ੍ਹਾਂ ਨੂੰ ਇਕ ਇਕ ਕਰਕੇ ਉੱਥੇ ਵੇਚੇਗਾ, ਜਿੱਥੇ ਸਭ ਤੋਂ ਉੱਚੀ ਕੀਮਤ ਮਿਲ ਸਕੇ।
ਮੈਂ ਉਸ ਮਾਂ ਨੂੰ ਗਲੀ ਵਿਚ ਵੀ ਮਿਲੀ, ਅਤੇ ਉਹਦਾ ਥੱਕਿਆ-ਹਾਰਿਆ ਤੇ ਉਖੜਿਆ ਚਿਹਰਾ
ਅੱਜ ਤੱਕ ਮੇਰੇ ਮਨ ਵਿਚ ਵਸਿਆ ਹੋਇਆ ਹੈ।"
ਇਹ ਸੀ ਇਸ ਮਹਾਨ ਜਨਤੰਤਰ ਦਾ ਉਨ੍ਹਾਂ ਉਤਪਾਦਨ ਸ਼ਕਤੀਆਂ ਲਈ ਪਰਿਵਾਰ ਦਾ ਅਧਿਕਾਰ
ਤੇ ਸੰਕਲਪ ਜਿਨ੍ਹਾਂਦੇ ਬਲਬੂਤੇ ਉਸ ਸਮੇਂ ਦੇ ਮਾਲਕ ਵਰਗ ਨੇ ਬੇਅੰਤ ਦੌਲਤ ਇਕੱਠੀ ਕੀਤੀ ਅਤੇ
ਜਿਸ ਮਿਹਨਤ ਸ਼ਕਤੀ ਦਾ ਕਰੂਰ ਸ਼ੋਸ਼ਣ ਕਰਕੇ ਅੱਜ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼
ਬਣਿਆ ਹੋਇਆ ਹੈ। ਇਹ ਹੀ ਸੀ ਉਹ ਮਨੁੱਖ-ਵਿਰੋਧੀ ਮਾਨਸਿਕਤਾ ਜਿਸ ਦੀ ਵਾਰਸ ਤੇ ਸ਼ਿਕਾਰ
ਹੋਣ ਕਰਕੇ ਅੱਜ ਵੀ ਅਮਰੀਕਨ ਸਟੇਟ ਪਾਵਰ ਪੂਰੀ ਦੁਨੀਆਂ ਨੂੰ ਆਪਣੇ ਨਵ-ਬਸਤੀਵਾਦੀ ਸ਼ਿਕੰਜੇ
ਵਿਚ ਫਸਾਉਣ ਲਈ ਅਤੇ ਸਾਰੀ ਦੁਨੀਆ ਦੀ ਮਿਹਨਤ ਸ਼ਕਤੀ ਤੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ
ਕਰਨ ਲਈ ਆਪਣੀ ਅੰਨ੍ਹੀ ਤਾਕਤ ਦਾ ਖੁੱਲ੍ਹੇ-ਆਮ ਪ੍ਰਯੋਗ ਕਰ ਰਹੀ ਹੈ।
ਪਰ ਕੀ ਉਸ ਸਮੇਂ ਦਾ ਗੁਲਾਮ ਮਾਲਕ ਸਮਾਜ ਦਾ ਆਪਣੇ ਲਈ ਪਰਿਵਾਰ ਦਾ ਸੰਕਲਪ ਇਸ
ਤੋਂ ਵੱਖਰਾ ਸੀ? ਵੱਖਰਾ ਤਾਂ ਸੀ ਪਰ ਪਿਆਰ ਮੁਹੱਬਤ ਉਪਰ ਆਧਾਰਿਤ ਨਹੀਂ ਸੀ ਅਤੇ ਨਾ ਹੀ
ਇਕ ਔਰਤ-ਇਕ ਆਦਮੀ ਦੇ ਸੰਕਲਪ ਅਨੁਸਾਰ ਹੀ ਸੀ। ਇਸ ਬਾਰੇ ਜੈਕੋਬਜ਼ ਇਹ ਤੱਥ ਪੇਸ਼
ਕਰਦੀ ਹੈ:
"ਦੱਖਣੀ ਔਰਤਾਂ ਅਕਸਰ ਉਨ੍ਹਾਂ ਆਦਮੀਆਂ ਨਾਲ ਵਿਆਹੀਆਂ ਜਾਂਦੀਆਂ ਸਨ, ਜਿਨ੍ਹਾਂ ਬਾਰੇ ਉਹ
ਜਾਣਦੀਆਂ ਸਨ ਕਿ ਉਹ ਕਈ ਨਿੱਕੇ-ਨਿੱਕੇ ਗੁਲਾਮਾਂ ਦੇ ਮਾਲਕ (ਬਾਪ) ਹਨ। ਉਨ੍ਹਾਂ ਨੂੰ ਇਸ
ਦੀ ਕੋਈ ਪਰੇਸ਼ਾਨੀ ਨਹੀਂ ਸੀ ਹੁੰਦੀ। ਉਹ ਅਜੇਹੇ ਬੱਚਿਆਂ ਨੂੰ ਇਕ ਸੰਪਤੀ ਸਮਝਦੀਆਂ ਸਨ,
ਉਸੇ ਤਰ੍ਹਾਂ ਦੀ ਇਕ ਬਜ਼ਾਰੂ ਵਸਤੂ ਜਿਵੇਂ ਪਲਾਂਟੇਸ਼ਨ ਦੇ ਸੂਰ; ਅਤੇ ਇਸੇ ਵਜ੍ਹਾ ਕਰਕੇ ਉਹ ਉਨ੍ਹਾਂ
ਨੂੰ ਛੇਤੀ ਤੋਂ ਛੇਤੀ ਗੁਲਾਮ ਵਪਾਰੀਆਂ ਦੇ ਹੱਥਾਂ ਵਿਚ ਦੇਣ ਲਈ ਉਤਾਵਲੀਆਂ ਹੁੰਦੀਆਂ ਸਨ, ਤਾਂ
ਜੋ ਉਹ ਉਨ੍ਹਾਂ ਦੀਆਂ ਅੱਖਾਂ ਤੋਂ ਦੂਰ ਹੋ ਜਾਣ ..."
ਬੇਸ਼ਕ ਗੁਲਾਮ ਸਵੈ-ਜੀਵਨੀਆਂ ਵਿਚ ਇਨ੍ਹਾਂ ਮਾਲਕ ਦੀ ਪੈਦਾਇਸ਼ ਬੱਚਿਆਂ ਨੂੰ ਲੈ ਕੇ ਗੁਲਾਮ
ਮਾਲਕਣਾਂ ਦੀ ਜਲਣ ਤੇ ਨਫ਼ਰਤ ਦੇ ਅਨੇਕ ਵੇਰਵੇ ਮਿਲਦੇ ਹਨ, ਖਾਸ ਕਰਕੇ ਉਤਰ ਵਿਚੋਂ ਵਿਆਹ

ਕੇ ਲਿਆਂਦੀਆਂ ਗਈਆਂ ਔਰਤਾਂ ਦੇ ਵਿਵਹਾਰ ਵਿਚ ਇਸਦੇ ਅੰਸ਼ ਕਾਫੀ ਜ਼ਿਆਦਾ ਸਨ ਪਰ
ਫਿਰ ਵੀ ਉਨ੍ਹਾਂ ਦਾ ਪਰਿਵਾਰ ਇਸ ਕਰਕੇ ਨਹੀਂ ਟੁੱਟਦਾ ਕਿ ਉਹ ਆਦਮੀ ਅਨੇਕ 'ਹਰਾਮ ਦੇ
ਬੱਚਿਆਂ' ਦਾ ਬਾਪ ਹੈ। ਪਰ ਇਹ ਨਫ਼ਰਤ ਵੀ ਅਕਸਰ ਉਨ੍ਹਾਂ ਔਰਤਾਂ ਨਾਲ ਹੁੰਦੀ ਸੀ ਜਿਸਦੇ
ਇਹ ਬੱਚੇ ਹੁੰਦੇ ਸਨ। ਇਸ ਲਈ ਗੁਲਾਮ ਮਾਲਕਣਾਂ ਅਜਿਹੀ ਕਿਸੇ ਔਰਤ ਦਾ ਹੋਰ ਵੀ ਬੁਰਾ
ਹਾਲ ਕਰਦੀਆਂ ਸਨ ਜਿਸਨੇ ਉਹਦੇ ਪਤੀ ਦੇ ਬੱਚੇ ਜੰਮੇ ਹੁੰਦੇ ਸਨ। ਇਸੇ ਕਰਕੇ ਜੈਕੋਬਜ਼ ਦੀ
ਮਾਲਕਣ ਵੀ ਉਹਦੇ ਨਾਲ ਨਫਰਤ ਕਰਦੀ ਹੈ ਕਿਉਂਕਿ ਉਹਦਾ ਪਤੀ ਡਾਕਟਰ ਫਲਿੰਟ ਉਹਨੂੰ
ਆਪਣੇ ਸ਼ਿਕੰਜੇ ਵਿਚ ਫਸਾਉਣ ਲਈ ਹਰ ਹਥਕੰਡਾ, ਹਰ ਹਥਿਆਰ ਵਰਤਦਾ ਹੈ। ਜੈਕੋਬਜ਼ ਖੂਬਸੂਰਤ,
ਕੰਮ-ਕਾਰ ਵਿਚ ਕੁਸ਼ਲ ਅਤੇ ਸਮਝਦਾਰ ਲੜਕੀ ਹੋਣ ਕਰਕੇ ਵੀ ਉਹਦੀ ਵਾਧੂ ਨਫ਼ਰਤ ਦਾ ਸ਼ਿਕਾਰ
ਹੁੰਦੀ ਹੈ ਕਿਉਂਕਿ ਉਹ ਇਹ ਸਮਝਦੀ ਹੈ ਕਿ ਇਸੇ ਕਾਰਨ ਉਹਦਾ ਖਸਮ ਉਹਦੇ ਤੇ ਇੰਨਾ ਮਰਦਾ
ਹੈ। ਇਸ ਲਈ ਜਦੋਂ ਜੈਕੋਬਜ਼ ਫਲਿੰਟ ਤੋਂ ਬਚਣ ਲਈ ਆਪਣੀ ਮਾਲਕਣ ਦੇ ਨਵ-ਜਨਮੇ ਬੱਚੇ
ਦੀ ਦੇਖ-ਭਾਲ ਦੇ ਬਹਾਨੇ ਉਸ ਦੇ ਬੈੱਡ-ਰੂਮ ਦੇ ਪਿੱਛਵਾੜੇ ਵਾਲੀ ਇਕ ਸਟੋਰ-ਨੁਮਾ ਹਨੇਰ-ਕੋਠੜੀ
ਵਿਚ ਰਾਤ ਨੂੰ ਸੌਣ ਲੱਗਦੀ ਹੈ ਤਾਂ ਉਹ ਇਹਦੀ ਇਜ਼ਾਜ਼ਤ ਦੇ ਦਿੰਦੀ ਹੈ।
ਪੰਦਰਾਂ ਸਾਲ ਦੀ ਉਮਰ ਵਿਚ ਜੈਕੋਬਜ਼ ਉਸ ਬੁੱਢੇ ਖੋਸਟ ਡਾਕਟਰ ਫਲਿੰਟ ਦੇ ਸਿੱਧੇ ਪੰਜੇ ਵਿਚ
ਫਸਦੀ ਹੈ ਅਤੇ ਉਹ ਉਹਦੇ ਨਾਲ ਭੋਗ-ਵਿਲਾਸ ਦੀ ਲਾਲਸਾ ਨੂੰ ਜਿਸ ਤਰ੍ਹਾਂ ਨਸਰ ਕਰਦਾ ਹੈ,
ਉਹ ਉਸ ਸਮੇਂ ਦੇ ਵਹਿਸ਼ੀ ਬੰਦੇ ਦੀ ਮਾਨਸਿਕਤਾ ਦੀ ਉਸ ਬੇਸ਼ਰਮੀ ਤੇ ਬਾਹਯਾਤੀ ਦਾ ਪ੍ਰਗਟਾਵਾ
ਕਰਦਾ ਹੈ ਕਿ ਉਹ ਪ੍ਰਥਾ ਅਤੇ ਉਸ ਵਿਚੋਂ ਜਨਮੀ ਉਹ ਸਮੁੱਚੀ ਸਭਿਅਤਾ ਔਰਤ ਵਰਗ ਲਈ
ਸਭ ਤੋਂ ਵੱਡਾ ਕਲੰਕ ਸਿੱਧ ਹੁੰਦੀ ਹੈ। ਮਰਦ ਨਾਲੋਂ ਵੀ ਵੱਡਾ ਕਸ਼ਟ ਤੇ ਦੁਖਾਂਤ ਉਸ ਯੁਗ ਵਿਚ
ਲਗਭਗ ਹਰ ਗੁਲਾਮ ਔਰਤ ਹੰਢਾਉਂਦੀ ਹੈ ਕਿਉਂਕਿ ਉਹ ਇਹ ਅਣਚਾਹੀ ਔਲਾਦ ਆਪਣੇ ਪੇਟ
ਵਿਚ ਪਾਲਦੀ ਹੈ, ਉਸੇ ਨਾਲ ਪਿਆਰ ਕਰਦੀ ਹੈ ਅਤੇ ਅੰਤ ਉਹ ਵੀ ਉਸ ਕੋਲੋਂ ਖੋਹ ਕੇ ਮੰਡੀ
ਵਿਚ ਵੇਚ ਦਿੱਤੀ ਜਾਂਦੀ ਹੈ। ਇਸ ਲਈ ਜੈਕੋਬਜ਼ ਇਹ ਫੈਸਲਾ ਕਰਦੀ ਹੈ ਕਿ ਉਹ ਕੋਈ ਵੀ
ਬੱਚਾ ਉਸ ਮਾਲਕ ਦਾ ਨਹੀਂ ਜੰਮੇਗੀ ਅਤੇ ਉਹ ਇਸ ਵਿਚ ਸਫਲ ਵੀ ਰਹਿੰਦੀ ਹੈ ਪਰ ਮਿਸਟਰ
ਸੈਂਡਜ਼ ਦੇ ਬੱਚੇ ਜੰਮ ਕੇ ਵੀ ਉਹ ਆਜ਼ਾਦ ਨਹੀਂ ਹੁੰਦੀ ਕਿਉਂਕਿ ਉਹ ਫਲਿੰਟ ਦੀ ਗੁਲਾਮ ਹੈ।
ਉਸ ਮਾਲਕ ਦੀ ਗੁਲਾਮ ਜੋ ਉਹਦੇ ਬੱਚਿਆਂ ਨੂੰ ਵੀ ਆਪਣੀ ਸੰਪਤੀ ਵਿਚ ਸ਼ਾਮਲ ਕਰ ਲੈਂਦਾ ਹੈ
ਅਤੇ ਉਨ੍ਹਾਂ ਨੂੰ ਵੇਚ ਦੇਣ ਦੇ ਡਰਾਵੇ ਦੇ ਕੇ ਉਹਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਹਥਕੰਡਾ
ਵੀ ਵਰਤਦਾ ਹੈ। ਇਸ ਲਈ ਗੁਲਾਮ ਔਰਤ ਹੋਣ ਦਾ ਜੋ ਸੰਤਾਪ ਤੇ ਅਹਿਸਾਸ ਉਹ ਹਰ ਪਲ
ਹਰ ਛਿਣ ਭੋਗਦੀ ਹੈ ਉਹ ਉਹਦੀਆਂ ਸਭ ਤ੍ਰਾਸਦੀਆਂ ਤੇ ਸਾਰੀਆਂ ਦੁਸ਼ਵਾਰੀਆਂ ਤੋਂ ਵੱਡਾ ਹੈ।
ਇਸੇ ਲਈ ਉਹ ਕਹਿੰਦੀ ਹੈ:
"ਉਨ੍ਹਾਂ ਜਦੋਂ ਮੈਨੂੰ ਦੱਸਿਆ ਕਿ ਮੇਰਾ ਨਵ-ਜਨਮਿਆ ਬੱਚਾ ਲੜਕੀ ਹੈ, ਤਾਂ ਮੇਰਾ ਦਿਲ ਇੰਨਾ
ਭਾਰੀ ਹੋ ਗਿਆ, ਜਿੰਨਾ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਗੁਲਾਮੀ ਮਰਦ ਲਈ ਭਿਆਨਕ
ਹੈ, ਪਰ ਔਰਤ ਲਈ ਇਹ ਹੋਰ ਵੀ ਭਿਅੰਕਰ ਹੈ ...।"
ਇਸੇ ਲਈ ਉਹ ਆਪਣੀ ਬੱਚੀ ਦੀ ਹਰ ਪਲ ਮੌਤ ਮੰਗਦੀ ਹੈ। ਇਕ ਗੁਲਾਮ ਔਰਤ ਨੂੰ ਕੀਕੀ
ਸਹਿਣ ਲਈ ਮਜ਼ਬੂਰ ਹੋਣਾ ਪੈਂਦਾ ਸੀ, ਇਸਦਾ ਜੋ ਯਥਾਰਥਕ ਵਰਣਨ ਤੇ ਵਿਵਰਣ ਜੈਕੋਬਜ਼
ਨੇ ਆਪਣੀਆਂ ਆਪ-ਬੀਤੀਆਂ ਘਟਨਾਵਾਂ ਦੇ ਜ਼ਰੀਏ ਪੇਸ਼ ਕੀਤਾ ਹੈ ਪੜ੍ਹਨ ਤੋਂ ਬਾਅਦ ਸ਼ਾਇਦ ਕੋਈ
ਜ਼ਮੀਰ-ਫਰੋਸ਼ ਮਨੁੱਖ ਹੀ ਉਸ ਗੁਲਾਮ ਪ੍ਰਥਾ ਜਾਂ ਉਸਦੇ ਬਾਕੀ ਬਚੇ ਅਵਸ਼ੇਸ਼ਾਂ ਨੂੰ 'ਮਹਾਨ ਸੰਸਕ੍ਰਿਤੀ'
ਵਰਗੇ ਸ਼ਬਦ ਪਹਿਨਾਅ ਸਕਦਾ ਹੈ।

No comments:

Post a Comment